ਹੁਣ ਰੂਸ ਦੇਵੇਗਾ ਭਾਰਤ ਨੂੰ S-400 ਏਅਰ ਮਿਸਾਇਲ ਸਿਸਟਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਰੂਸ ਦੀ ਯੂਕਰੇਨ ਤੇ ਸੀਰੀਆ ਵਿਚ ਫ਼ੌਜੀ ਸ਼ਮੂਲੀਅਤ ਤੇ ਅਮਰੀਕੀ ਚੋਣਾਂ ’ਚ ਦਖ਼ਲ ਦੇ ਦੋਸ਼ਾਂ ਕਾਰਨ ਅਮਰੀਕਾ ਨੇ 2017 ਕਾਨੂੰਨ ਅਧੀਨ ਉਨ੍ਹਾਂ ...

S400 missile system

ਨਵੀਂ ਦਿੱਲੀ- ਰੂਸੀ ਫ਼ੌਜ ਦੀ ਰੱਖਿਆ ਪ੍ਰਣਾਲੀ ਦਾ ਮਜ਼ਬੂਤ ਹਿੱਸਾ ਐੱਸ–400 ਮਿਸਾਇਲ ਸਿਸਟਮ ਹੁਣ ਛੇਤੀ ਹੀ ਭਾਰਤੀ ਫ਼ੌਜ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਤੈਅਸ਼ੁਦਾ ਸਮੇਂ ’ਤੇ ਭਾਰਤ ਨੂੰ ਐੱਸ–400 ਮਿਸਾਇਲ ਸਿਸਟਮ ਦੇ ਦੇਵੇਗਾ। ਇਹ ਮਿਸਾਇਲਾਂ ਧਰਤੀ ਤੋਂ ਹਵਾ ਤੱਕ ਵਾਰ ਕਰਨ ਦੇ ਸਮਰੱਥ ਹਨ।

ਸ੍ਰੀ ਪੁਤਿਨ ਨੇ ਇਹ ਜਾਣਕਾਰੀ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲੀਆ ’ਚ ਦਿੱਤੀ। ਇੱਥੇ ਦੋ ਦਿਨ ਚੱਲੇ BRICS ਸਿਖ਼ਰ ਸੰਮੇਲਨ ਦੌਰਾਨ ਸ੍ਰੀ ਪੁਤਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਿੱਥੋਂ ਤੱਕ ਐੱਸ–400 ਮਿਸਾਇਲਾਂ ਦੀ ਡਿਲੀਵਰੀ ਦਾ ਮਾਮਲਾ ਹੈ, ਤਾਂ ਸਭ ਕੁਝ ਯੋਜਨਾ ਮੁਤਾਬਕ ਹੀ ਚੱਲ ਰਿਹਾ ਹੈ ਤੇ ਅਸੀਂ ਛੇਤੀ ਇਸ ਨੂੰ ਭਾਰਤ ਹਵਾਲੇ ਕਰਨ ਜਾ ਰਹੇ ਹਾਂ। ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਰੂਸ ਤੋਂ 5.2 ਅਰਬਡਾਲਰ ਦੀਆਂ ਪੰਜ ਐੱਸ–400 ਪ੍ਰਣਾਲੀਆਂ ਖ਼ਰੀਦਣ ਉੱਤੇ ਪਿਛਲੇ ਸਾਲ ਸਹਿਮਤੀ ਪ੍ਰਗਟਾਈ ਸੀ।

ਰੂਸ ਦੀ ਯੂਕਰੇਨ ਤੇ ਸੀਰੀਆ ਵਿਚ ਫ਼ੌਜੀ ਸ਼ਮੂਲੀਅਤ ਤੇ ਅਮਰੀਕੀ ਚੋਣਾਂ ’ਚ ਦਖ਼ਲ ਦੇ ਦੋਸ਼ਾਂ ਕਾਰਨ ਅਮਰੀਕਾ ਨੇ 2017 ਕਾਨੂੰਨ ਅਧੀਨ ਉਨ੍ਹਾਂ ਦੇਸ਼ਾਂ ਉੱਤੇ ਰੋਕ ਲਾਉਣ ਦੀ ਵਿਵਸਥਾ ਕੀਤੀ ਹੈ, ਜੋ ਰੂਸ ਤੋਂ ਵੱਡੇ ਹਥਿਆਰ ਖ਼ਰੀਦਦੇ ਹਨ। ਯਾਦ ਰਹੇ ਕਿ ਇਸੇ ਵਰ੍ਹੇ ਅਕਤੂਬਰ ਮਹੀਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਵੱਲੋਂ ਪਾਬੰਦੀਆਂ ਦੇ ਖ਼ਤਰੇ ਦੇ ਬਾਵਜੂਦ ਰੂਸ ਤੋਂ ਮਿਸਾਇਲ ਡਿਫ਼ੈਂਸ ਸਿਸਟਮ ਖ਼ਰੀਦਣ ਦੇ ਭਾਰਤ ਦੇ ਅਧਿਕਾਰ ਦਾ ਬਚਾਅ ਕੀਤਾ ਸੀ। ਭਾਰਤ ਨੇ ਸਪੱਸ਼ਟ ਆਖਿਆ ਸੀ ਕਿ ਅਸੀਂ ਫ਼ੌਜੀ ਉਪਕਰਨਾਂ ਨੂੰ ਕਿਤੋਂ ਵੀ ਖ਼ਰੀਦਣ ਲਈ ਆਜ਼ਾਦ ਹਾਂ। ਉਨ੍ਹਾਂ ਕਿਹਾ ਸੀ ਕਿ ਭਾਰਤ ਰੂਸ ਤੋਂ ਐੱਸ–400 ਮਿਸਾਇਲ ਡਿਫ਼ੈਂਸ ਸਿਸਟਮ ਖ਼ਰੀਦਣ ਲਈ ਆਜ਼ਾਦ ਹੈ।