ਇਨਸਾਨੀਅਤ ਸ਼ਰਮਸਾਰ : 400 ਲੋਕਾਂ ਨੇ ਨਾਬਾਲਿਗ ਨੂੰ ਬਣਾਇਆ ਹਵਸ ਦਾ ਸ਼ਿਕਾਰ
ਨਾਬਾਲਿਗ ਵਿਆਹੁਤਾ ਦੋ ਮਹੀਨੇ ਦੀ ਹੋਈ ਗਰਭਵਤੀ, 6 ਮਹੀਨਿਆਂ ਤੋਂ ਬਣਾ ਰਹੇ ਸੀ ਹਵਸ ਦਾ ਸ਼ਿਕਾਰ, ਤਿੰਨ ਗ੍ਰਿਫ਼ਤਾਰ
ਬੀਡ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਬੀਡ ਵਿਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਵਿਆਹੁਤਾ ਲੜਕੀ ਦਾ ਪਿਛਲੇ ਕਈ ਮਹੀਨਿਆਂ ਤੋਂ ਜਿਸਮਾਨੀ ਸ਼ੋਸ਼ਣ ਹੋ ਰਿਹਾ ਸੀ ਜੋ ਇੱਕ, ਦੋ ਜਾਂ ਤਿੰਨ ਨਹੀਂ ਸਗੋਂ 400 ਲੋਕਾਂ ਵਲੋਂ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿਤਾ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕਾਰਵਾਈ ਆਰੰਭ ਕਰ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ 16 ਸਾਲ ਦੀ ਲੜਕੀ ਨਾਲ 6 ਮਹੀਨਿਆਂ 'ਚ 400 ਤੋਂ ਵੱਧ ਲੋਕਾਂ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ। ਬੀਡ ਦੇ ਐੱਸਪੀ ਰਾਜਾ ਰਾਮਾਸਵਾਮੀ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਬਾਲਿਗ ਲੜਕੀ ਨਾਲ 400 ਲੋਕਾਂ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਮਾ ਸਵਾਮੀ ਨੇ ਦੱਸਿਆ ਕਿ ਇਹ ਸਭ ਕੁਝ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਸੀ। ਇਸ ਵਿਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਜਿਸ ਨੇ ਇਸ ਨਾਬਾਲਿਗ ਨਾਲ ਇਹ ਗਲਤ ਕੰਮ ਕੀਤਾ।
ਦੱਸ ਦੇਈਏ ਕਿ ਨਾਬਾਲਿਗ ਵਿਆਹੁਤਾ ਲੜਕੀ ਦੋ ਮਹੀਨੇ ਦੀ ਗਰਭਵਤੀ ਹੈ ਅਤੇ ਇਸ ਮਾਮਲੇ ਚ 3 ਵਿਅਕਤੀ ਗ੍ਰਿਫ਼ਤਾਰ ਕਰ ਲਏ ਗਏ ਹਨ। ਐੱਸਪੀ ਬੀਡ ਰਾਜਾ ਰਾਮਾਸਾਮੀ ਨੇ ਦੱਸਿਆ ਕਿ ਪੀੜਤ ਲੜਕੀ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਬਾਲ ਵਿਆਹ ਐਕਟ, ਬਲਾਤਕਾਰ, ਛੇੜਛਾੜ ਅਤੇ ਪੋਕਸੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਨੇ ਬਾਲ ਭਲਾਈ ਕਮੇਟੀ ਦੇ ਫਸਟ ਕਲਾਸ ਮੈਜਿਸਟ੍ਰੇਟ ਨੂੰ ਦੱਸਿਆ ਹੈ ਕਿ ''ਮੇਰੇ ਨਾਲ ਕਈ ਲੋਕਾਂ ਨੇ ਬਦਸਲੂਕੀ ਕੀਤੀ ਹੈ। ਮੈਂ ਸ਼ਿਕਾਇਤ ਦਰਜ ਕਰਵਾਉਣ ਲਈ ਕਈ ਵਾਰ ਅੰਬਾਜੋਗਈ ਥਾਣੇ ਗਈ ਪਰ ਪੁਲਿਸ ਅਕਸਰ ਮੇਰਾ ਪਿੱਛਾ ਕਰਦੀ ਰਹੀ। ਮੇਰੀ ਗੱਲ ਸੁਣਨ ਤੋਂ ਬਾਅਦ ਵੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇੰਨਾ ਹੀ ਨਹੀਂ ਮੈਨੂੰ ਇੱਕ ਪੁਲਿਸ ਮੁਲਾਜ਼ਮ ਵਲੋਂ ਤੰਗ-ਪ੍ਰੇਸ਼ਾਨ ਵੀ ਕੀਤਾ ਗਿਆ ਹੈ।
ਹਾਲਾਂਕਿ ਹੁਣ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨਾਬਾਲਿਗ ਵੀ ਵਿਆਹੀ ਹੋਈ ਹੈ। ਪੀੜਤਾ ਦੋ ਮਹੀਨੇ ਦੀ ਗਰਭਵਤੀ ਹੈ। ਉਸ ਦੇ ਬਿਆਨਾਂ ਦੇ ਆਧਾਰ 'ਤੇ ਬਾਲ ਵਿਆਹ ਐਕਟ, ਬਲਾਤਕਾਰ, ਛੇੜਛਾੜ ਅਤੇ ਪੋਸਕੋ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।