ਗੁਜਰਾਤ ਚੋਣਾਂ ਲਈ ਕਾਂਗਰਸ ਨੇ ਕਮਲਨਾਥ ਨੂੰ ਬਣਾਇਆ ਸਟਾਰ ਪ੍ਰਚਾਰਕ, ਸਿੱਖਾਂ ’ਚ ਭਾਰੀ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਵੀ ਕਮਲਨਾਥ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।

Kamal Nath

 

ਨਵੀਂ ਦਿੱਲੀ: ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਕਮੇਟੀ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ 40 ਨੇਤਾਵਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਕਾਂਗਰਸ ਵੱਲੋਂ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ’ਚ ਗਿਣੇ ਜਾਂਦੇ ਕਮਲਨਾਥ ਨੂੰ ਵੀ ਸਟਾਰ ਪ੍ਰਚਾਰਕਾਂ ’ਚ ਸ਼ਾਮਲ ਕੀਤਾ ਗਿਆ ਹੈ। ਇਸ ਫ਼ੈਸਲੇ ਨੂੰ ਲੈ ਕੇ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਮਲਨਾਥ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।

ਹਾਲ ਹੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਵਿਖੇ ਹੋਏ ਸਮਾਗਮ ਦੌਰਾਨ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਉਹਨਾਂ ਦਾ ਵਿਰੋਧ ਹੋਇਆ ਸੀ ਕਿਉਂਕਿ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮਾਮਲੇ ਸਬੰਧੀ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਨੇ ਕਮਲਨਾਥ ਦੇ ਸਨਮਾਨ ਦਾ ਵਿਰੋਧ ਕੀਤਾ ਸੀ।

ਇਸ ਦੇ ਨਾਲ ਹੀ ਉਹਨਾਂ ਨੇ ਪ੍ਰਬੰਧਕਾਂ ਨੂੰ ਵੀ ਫਿਟਕਾਰ ਲਗਾਈ।  ਮੱਧ ਪ੍ਰਦੇਸ਼ ਸਰਕਾਰ ਵਿਚ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਕਿ ਕਮਲ ਨਾਥ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਉਹ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਹਨ ਅਤੇ ਉਹਨਾਂ ਨੇ ਅੱਜ ਤੱਕ ਮੁਆਫੀ ਨਹੀਂ ਮੰਗੀ ਹੈ।
ਜੂਨ 2016 ਵਿਚ ਸਿੱਖ ਕਤਲੇਆਮ 'ਚ ਭੀੜ ਨੂੰ ਭੜਕਾਉਣ ਦੇ ਇਲਜ਼ਾਮਾਂ ਸਬੰਧੀ ਸਿਆਸਤ ਭਖਣ ਕਰਕੇ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਅਸਤੀਫਾ ਦੇਣਾ ਪਿਆ ਸੀ।

ਪਿਛਲੇ ਹਫ਼ਤੇ ਦਿੱਲੀ ਨਗਰ ਨਿਗਮ ਚੋਣਾਂ ਲਈ ਕਾਂਗਰਸ ਦੀ ਚੋਣ ਕਮੇਟੀ ’ਚ ਜਗਦੀਸ਼ ਟਾਈਟਲਰ ਦਾ ਨਾਂਅ ਸ਼ਾਮਲ ਹੋਣ ਨੂੰ ਲੈ ਕੇ ਵੀ ਵਿਵਾਦ ਖੜਾ ਹੋਇਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਨੇ ਕਾਂਗਰਸ ’ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵੀ ਲਗਾਏ।