ਐਨਜੀਟੀ ਨੇ ਵੇਦਾਂਤਾ ਸਟਰਲਾਈਟ ਕਾਪਰ ਪਲਾਂਟ ਖੋਲ੍ਹਣ ਦਾ ਦਿਤਾ ਹੁਕਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਜੀਟੀ ਨੇ ਕੰਪਨੀ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਉਹ ਤਿੰਨ ਸਾਲ ਦੇ ਅੰਦਰ ਇਕ ਅਰਬ ਰੁਪਏ ਇਲਾਕੇ ਦੇ ਨਿਵਾਸੀਆਂ ਦੀ ਭਲਾਈ ਦੇ ਲਈ ਖਰਚ ਕਰੇ।

Tamil Nadu Sterlite Copper plant

ਤਾਮਿਲਨਾਡੂ, ( ਭਾਸ਼ਾ ) :  ਤਾਮਿਲਨਾਡੂ ਦੇ ਤੂਤੀਕੋਰਿਨ ਵਿਖੇ ਸਥਿਤ ਵੇਦਾਂਤਾ ਸਟਰਲਾਈਟ ਕਾਪਰ ਸਮੇਲਟਿੰਗ ਪਲਾਂਟ ਦੁਬਾਰਾ ਖੁੱਲ੍ਹ ਸਕਦਾ ਹੈ। ਗ੍ਰੀਨ ਕੋਰਟ ਨੇ ਰਾਜ ਸਰਕਾਰ ਦੇ ਪਲਾਂਟ ਨੂੰ ਹਮੇਸ਼ਾ ਲਈ ਬੰਦ ਕਰਨ ਦੇ ਹੁਕਮ ਤੋਂ ਵੱਖ ਹੁਕਮ ਦਿਤਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਤਾਮਿਲਨਾਡੂ ਪ੍ਰਦੂਸ਼ਣ ਨਿਯੰਤਰਣ ਬੋਰਡ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤਿੰਨ ਹਫਤਿਆਂ ਦੇ ਅੰਦਰ ਕਾਪਰ ਪਲਾਂਟ ਮਾਮਲੇ ਵਿਚ ਸਹਿਮਤੀ 'ਤੇ ਨਵਾਂ ਹੁਕਮ ਜਾਰੀ ਕੀਤਾ ਜਾਵੇ। ਐਨਜੀਟੀ ਨੇ ਕੰਪਨੀ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ

ਉਹ ਤਿੰਨ ਸਾਲ ਦੇ ਅੰਦਰ ਇਕ ਅਰਬ ਰੁਪਏ ਇਲਾਕੇ ਦੇ ਨਿਵਾਸੀਆਂ ਦੀ ਭਲਾਈ ਦੇ ਲਈ ਖਰਚ ਕਰੇ। ਇਹ ਹੁਕਮ ਤਾਮਿਲਨਾਡੂ ਰਾਜ ਦੇ ਉਸ ਹੁਕਮ ਤੋਂ ਬਾਅਦ ਆਇਆ ਹੈ ਜਿਸ ਵਿਚ ਪ੍ਰਦੂਸ਼ਣ ਕਾਰਨ ਪਲਾਂਟ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ। ਲੋਕਾਂ ਨੇ ਇਸ ਪਲਾਂਟ ਨੂੰ ਬੰਦ ਕਰਨ ਦੇ ਲਈ ਪ੍ਰਦਰਸ਼ਨ ਵੀ ਕੀਤਾ ਸੀ। ਜਿਸ ਵਿਚ ਪੁਲਿਸ ਵੱਲੋਂ ਗੋਲੀਆਂ ਚਲਾਏ ਜਾਣ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜਖ਼ਮੀ ਹੋਏ ਸਨ। ਲੋਕਾਂ ਨੇ ਪਲਾਂਟ ਬੰਦ ਕਰਨ ਲਈ ਇਸ ਕਾਰਨ ਪ੍ਰਦਰਸ਼ਨ ਕੀਤਾ ਸੀ

ਕਿਉਂਕਿ ਪਲਾਂਟ ਤੋਂ ਨਿਕਲਣ ਵਾਲੀ ਸਖ਼ਤ ਧਾਤੂ ਜ਼ਮੀਨੀ ਪਾਣੀ ਵਿਚ ਘੁਲ ਕੇ ਪ੍ਰਦੂਸ਼ਣ ਫੈਲਾ ਰਹੀ ਸੀ। ਐਨਜੀਟੀ ਵਲੋਂ ਚੁਣੀ ਗਈ ਕਮੇਟੀ ਨੇ ਗ੍ਰੀਨ ਪੈਨਲ ਨੂੰ ਜਾਣਕਾਰੀ ਦਿਤੀ ਸੀ ਕਿ ਵੇਦਾਂਤਾ ਨੂੰ ਬੰਦ ਕਰਨ ਤੋਂ ਪਹਿਲਾਂ ਉਸ ਨੂੰ ਨਾ ਤਾਂ ਕੋਈ ਨੋਟਿਸ ਦਿਤਾ ਗਿਆ ਸੀ ਅਤੇ ਨਾ ਹੀ ਮੌਕਾ। ਕੰਪਨੀ ਨੇ ਵੀ ਟ੍ਰਿਬਿਊਨਲ ਨੂੰ ਕਿਹਾ ਸੀ ਕਿ ਉਹ ਤੂਤੀਕੋਰਿਨ ਦੇ ਲੋਕਾਂ ਦੀ ਭਲਾਈ ਲਈ 100 ਕਰੋੜ ਰੁਪਏ ਖਰਚ ਕਰੇਗੀ। ਜਿਸ ਵਿਚ ਸਕੂਲਾਂ ਅਤੇ ਹਸਪਤਾਲਾਂ ਦੀ ਉਸਾਰੀ ਤੋਂ ਇਲਾਵਾ ਲੋਕਾਂ ਨੂੰ ਪੀਣ ਦੇ ਪਾਣੀ ਵੀ ਉਪਲਬਧ ਕਰਵਾਇਆ ਜਾਵੇਗਾ।

ਕੰਪਨੀ ਨੇ ਕਿਹਾ ਸੀ ਕਿ ਇਹ ਰਕਮ ਕੰਪਨੀ ਵੱਲੋਂ ਸਾਲਾਨਾ ਸਮਾਜ ਭਲਾਈ ਕੰਮਾਂ ਦੇ ਲਈ ਖਰਚ ਜਾਂਦੀ 10 ਕਰੋੜ ਰੁਪਏ ਤੋਂ ਅਲਗ ਖਰਚ ਕੀਤੀ ਜਾਵੇਗੀ। 10 ਕਰੋੜ ਰੁਪਏ ਕਾਰਪੋਰੇਟ ਸਮਾਜਿਕ ਜਿੰਮ੍ਹੇਵਾਰੀ ਅਧੀਨ ਖਰਚ ਕੀਤੇ ਜਾਂਦੇ ਹਨ। ਪੈਨਲ ਨੇ ਇਹ ਵੀ ਕਿਹਾ ਕਿ ਜੇਕਰ ਕੰਪਨੀ ਉਤਪਾਦਨ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਇਕ ਅਧਿਕਾਰੀ ਦੀ ਮੌਜੂਦਗੀ ਵਿਚ ਜ਼ਮੀਨੀ ਪਾਣੀ ਦੀ ਗੁਣਵੱਤਾ ਦੀ ਵੀ ਜਾਂਚ ਕਰਨੀ ਪਵੇਗੀ।