ਰਾਕੇਸ਼ ਟਿਕੈਤ ਦੇ ਨਾਲ ਆਖਰੀ ਜਥੇ ਨੇ ਖਾਲੀ ਕੀਤਾ ਗਾਜ਼ੀਪੁਰ ਬਾਰਡਰ, ਫੁੱਲਾਂ ਨਾਲ ਹੋ ਰਿਹਾ ਸਵਾਗਤ
ਭਾਰਤੀ ਕਿਸਾਨ ਯੂਨੀਅਨ ਵੱਲੋਂ 15 ਦਸੰਬਰ ਨੂੰ ਯੂਪੀ ਗੇਟ ਤੋਂ ਸਿਸੌਲੀ ਤੱਕ ਕਿਸਾਨ ਫਤਹਿ ਮਾਰਚ ਕੱਢਿਆ ਗਿਆ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਵੱਲੋਂ 15 ਦਸੰਬਰ ਨੂੰ ਯੂਪੀ ਗੇਟ ਤੋਂ ਸਿਸੌਲੀ ਤੱਕ ਕਿਸਾਨ ਫਤਹਿ ਮਾਰਚ ਕੱਢਿਆ ਗਿਆ। ਇਹ ਮਾਰਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਰਚਾ ਸਮਾਪਤ ਕਰਨ ਮੌਕੇ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ 'ਚ ਬੁੱਧਵਾਰ ਸਵੇਰੇ ਯੂਪੀ ਗੇਟ 'ਤੇ ਹਵਨ-ਪੂਜਨ ਤੋਂ ਬਾਅਦ ਮੁਜ਼ੱਫਰਨਗਰ ਦੇ ਸਿਸੌਲੀ ਲਈ ਫਤਹਿ ਮਾਰਚ ਕੱਢਿਆ ਗਿਆ।
ਯੂਪੀ-ਦਿੱਲੀ ਬਾਰਡਰ ਤੋਂ ਰਵਾਨਾ ਹੋਏ ਫਤਹਿ ਮਾਰਚ ਦਾ ਵੱਖ-ਵੱਖ ਸ਼ਹਿਰਾਂ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ। ਦੁਹਾਈ ਨੇੜੇ ਫਲਾਈਓਵਰ ਉਪਰੋਂ ਰਾਕੇਸ਼ ਟਿਕੈਤ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੜਕਾਂ ’ਤੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ। ਇਹ ਮਾਰਚ ਮੋਦੀਨਗਰ, ਮੇਰਠ, ਮੁਜ਼ੱਫਰਨਗਰ ਦੇ ਖਤੌਲੀ, ਮੰਸੂਰਪੁਰ, ਸੌਰਮ, ਚੌਪਾਲ ਤੋਂ ਹੁੰਦੇ ਹੋਏ ਸਿਸੌਲੀ ਸਥਿਤ ਕਿਸਾਨ ਭਵਨ ਪਹੁੰਚੇਗਾ।
ਘਰ ਵਾਪਸੀ ਮੌਕੇ ਕਿਸਾਨ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਰਾਕੇਸ਼ ਟਿਕੈਤ ਨੇ ਸੋਸ਼ਲ ਮੀਡੀਆ ’ਤੇ ਅਪਣੇ ਕਾਫਲੇ ਦੇ ਸਵਾਗਤ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ। ਕਿਸਾਨ ਅੰਦੋਲਨ ਦਾ ਅਹਿਮ ਹਿੱਸਾ ਰਹੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸੜਕਾਂ ’ਤੇ 13 ਮਹੀਨਿਆਂ ਤੱਕ ਸੰਘਰਸ਼ ਤੋਂ ਬਾਅਦ ਅੱਜ ਕਿਸਾਨ ਘਰ ਪਰਤ ਰਹੇ ਹਨ। ਦੇਸ਼ ਦੇ ਨਾਗਰਿਕਾਂ ਦਾ ਦਿਲੋਂ ਧੰਨਵਾਦ।