ਲਖੀਮਪੁਰ ਮਾਮਲੇ ਨੂੰ ਲੈ ਕੇ ਸਦਨ ਵਿਚ ਹੰਗਾਮਾ, ਰਾਹੁਲ ਗਾਂਧੀ ਬੋਲੇ- ਅਜੇ ਮਿਸ਼ਰਾ ਦਾ ਅਸਤੀਫ਼ਾ ਜ਼ਰੂਰੀ
ਰਾਹੁਲ ਗਾਂਧੀ ਨੇ ਲਖੀਮਪੁਰ ਖੇੜੀ ਹਿੰਸਾ ਨੂੰ ਲੈ ਕੇ ਲੋਕ ਸਭਾ 'ਚ ਮੁਲਤਵੀ ਮਤਾ ਪੇਸ਼ ਕੀਤਾ ਗਿਆ ਹੈ।
ਨਵੀਂ ਦਿੱਲੀ: ਲਖੀਮਪੁਰ ਖੇੜੀ ਮਾਮਲੇ ਨੂੰ ਲੈ ਕੇ ਅੱਜ ਸੰਸਦ ਵਿਚ ਜ਼ੋਰਦਾਰ ਹੰਗਾਮਾ ਹੋਇਆ। ਲੋਕ ਸਭਾ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਖਿਲਾਫ ਐੱਸਆਈਟੀ ਦੀ ਰਿਪੋਰਟ 'ਤੇ ਹਮਲਾਵਰ ਨਜ਼ਰ ਆਏ। ਹੰਗਾਮੇ ਨੂੰ ਦੇਖਦੇ ਹੋਏ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਅਸੀਂ ਇਸ ਮਾਮਲੇ ਨੂੰ ਸਦਨ ਵਿਚ ਉਠਾਉਣਾ ਚਾਹੁੰਦੇ ਹਾਂ। ਅਸੀਂ ਕਿਹਾ ਹੈ ਕਿ ਘੱਟੋ-ਘੱਟ ਇਸ 'ਤੇ ਸੰਸਦ 'ਚ ਚਰਚਾ ਹੋਣੀ ਚਾਹੀਦੀ ਹੈ ਪਰ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮੰਤਰੀ (ਅਜੈ ਮਿਸ਼ਰਾ ਟੈਨੀ) ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਲਖੀਮਪੁਰ ਖੇੜੀ ਹਿੰਸਾ ਨੂੰ ਲੈ ਕੇ ਲੋਕ ਸਭਾ 'ਚ ਮੁਲਤਵੀ ਮਤਾ ਪੇਸ਼ ਕੀਤਾ ਗਿਆ ਹੈ। ਅਸੀਂ ਮੰਗ ਕਰਾਂਗੇ ਕਿ ਸਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰੇ।
ਇਸ ਦੇ ਨਾਲ ਹੀ ਲੋਕ ਸਭਾ ਵਿਚ ਕਾਂਗਰਸ ਦੇ ਸੁਰੇਸ਼ ਨੇ ਅਜੈ ਮਿਸ਼ਰਾ ਨੂੰ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਤਾਂ ਜੋ ਲਖੀਮਪੁਰ ਖੇੜੀ ਘਟਨਾ ਦੀ ਨਿਰਪੱਖ ਜਾਂਚ ਹੋ ਸਕੇ ਅਤੇ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ। ਟੀਐਮਸੀ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਲਖੀਮਪੁਰ ਖੇੜੀ 'ਤੇ ਰਾਜ ਸਭਾ 'ਚ ਚਰਚਾ ਦੀ ਮੰਗ ਨੂੰ ਲੈ ਕੇ ਨੋਟਿਸ ਦਿੱਤਾ ਹੈ। ਦੱਸ ਦੇਈਏ ਕਿ ਅੱਜ ਤੋਂ ਯੂਪੀ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਵੀ ਸ਼ੁਰੂ ਹੋ ਗਿਆ ਹੈ, ਜਿਸ ਵਿਚ ਸਪਾ, ਬਸਪਾ ਅਤੇ ਕਾਂਗਰਸ ਦੇ ਮੈਂਬਰਾਂ ਨੇ ਇਹ ਮੁੱਦਾ ਚੁੱਕਿਆ ਹੈ।
ਤਿਕੁਨੀਆ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸਮੇਤ ਸਾਰੇ 13 ਦੋਸ਼ੀਆਂ 'ਤੇ ਦੁਰਘਟਨਾ ਦੀਆਂ ਧਾਰਾਵਾਂ ਨੂੰ ਹਟਾ ਕੇ ਹੱਤਿਆ ਦੀ ਕੋਸ਼ਿਸ਼ ਅਤੇ ਹੱਤਿਆ ਦੀ ਧਾਰਾਵਾਂ ਨੂੰ ਵਧਾ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸੀਜੇਐਮ ਅਦਾਲਤ ਵਿਚ ਪੇਸ਼ ਹੋਏ ਸਾਰੇ 13 ਮੁਲਜ਼ਮਾਂ 'ਤੇ ਅਦਾਲਤ ਨੇ ਕਤਲ ਦੀ ਕੋਸ਼ਿਸ਼ ਦੀ ਧਾਰਾ 307, ਕਤਲ ਦੀ ਧਾਰਾ 326, ਹਥਿਆਰਾਂ ਦੀ ਦੁਰਵਰਤੋਂ ਦੀ ਧਾਰਾ 3/25 (30) ਅਤੇ ਅਸਲਾ ਐਕਟ ਦੀ ਧਾਰਾ 35 ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜਾਂਚ ਟੀਮ ਨੇ ਸੋਮਵਾਰ ਨੂੰ ਸਾਰੇ ਦੋਸ਼ੀਆਂ 'ਤੇ ਦੁਰਘਟਨਾ ਦੀਆਂ ਧਾਰਾਵਾਂ ਹਟਾਉਣ ਅਤੇ ਕਤਲ ਦੀ ਕੋਸ਼ਿਸ਼ ਅਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਨੂੰ ਵਧਾਉਣ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਮੰਗਲਵਾਰ ਨੂੰ ਸਾਰੇ 13 ਦੋਸ਼ੀਆਂ ਨੂੰ ਤਲਬ ਕੀਤਾ ਸੀ।