'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੇ ਬਹਾਨੇ ਸਿਰਸਾ ਭਾਜਪਾ ਵਿਰੁਧ ਭੜਾਸ ਕੱਢ ਰਹੇ ਹਨ: ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ  ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰ...

Paramjit Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ  ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਵਲੋਂ 'ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ' ਫ਼ਿਲਮ ਦੀ ਕੀਤੀ ਗਈ ਆਲੋਚਨਾ ਇਸ ਕਰ ਕੇ, ਕੀਤੀ ਗਈ ਹੈ ਕਿਉਂਕਿ ਪੰਜਾਬ ਵਿਚ ਭਾਜਪਾ ਬਾਦਲ ਦਲ ਨੂੰ ਅਣਗੌਲਿਆਂ ਕਰ ਰਹੀ ਹੈ, ਇਸ ਲਈ ਅਕਾਲੀ ਆਗੂ ਨੇ ਫਿਲਮ ਦੀ ਆਲੋਚਨਾ ਕਰ ਕੇ, ਭਾਜਪਾ ਵਿਰੁਧ ਭੜਾਸ ਕੱਢੀ ਹੈ।

ਆਪਣੇ ਬਿਆਨ ਵਿਚ ਸ.ਸਰਨਾ ਨੇ ਦਾਅਵਾ ਕੀਤਾ, " ਫਿਲਮ ਨੂੰ ਤਾਂ  ਪਹਿਲਾਂ ਹੀ ਦਰਸ਼ਕਾ ਨਕਾਰ ਚੁਕੇ ਹਨ ।ਇਸ ਫਿਲਮ ਦੇ ਟਰੇਲਰ ਜਦੋਂ ਤਿੰਨ ਹਫਤੇ ਪਹਿਲਾਂ ਟੈਲੀਵਿਜ਼ਨ ਅਤੇ ਯੂ.ਟਿਊਬ ਤੇ ਵਿਖਾਏ ਜਾ ਰਹੇ ਸਨ ਤੇ ਸਿੱਖ ਸੰਸਥਾਵਾਂ ਵਲੋਂ ਇਸ ਫਿਲਮ ਨੂੰ ਵਿਖਾਏ ਜਾਣ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਸੀ ਉਸ ਵੇਲੇ ਸਿਰਸਾ ਸਣੇ ਸਾਰਾ ਬਾਦਲ ਦਲ ਆਪਣੇ ਨਾਗਪੁਰ ਬੈਠੇ ਆਕਾਵਾਂ ਦੇ ਹੁਕਮਾਂ ਅਧੀਨ ਚੁੱਪੀ ਧਾਰੀ ਤਮਾਸ਼ਾ ਵੇਖਦੇ ਰਹੇ ਤੇ ਇਕ ਵੀ ਸ਼ਬਦ ਇਸ ਫਿਲਮ ਦੀ ਵਿਰੋਧਤਾ 'ਚ ਨਹੀਂ ਬੋਲਿਆ।" 

ਉਨ੍ਹਾਂ ਕਿਹਾ ਕਿ ਹੁਣ ਜਦੋਂ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਐਚ.ਐੱਸ. ਫੂਲਕਾ ਜੋ ਸ਼੍ਰੋਮਣੀ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਕਰਵਾਉਣ ਦਾ ਪ੍ਰਣ ਕਰ ਚੁਕੇ ਹਨ  ਨੂੰ ਸਨਮਾਨ ਲਈ ਸੱਦਾ ਦਿੱਤਾ ਤਾਂ ਉਸਤੋਂ ਚਿੜ੍ਹ ਕੇ ਭਾਜਪਾ ਵਿਰੁੱਧ ਭੜਾਸ ਕਢਣ ਦੀ ਮਨਸ਼ਾ ਨਾਲ ਸਿਰਸਾ ਨੇ ਇਕ  ਅੰਗਰੇਜ਼ੀ ਦੇ ਅਖਬਾਰ ' ਇਸ ਫਿਲਮ ਦੀ ਆਲੋਚਨਾ ਕਰਦਿਆਂ ਇਸ ਨੂੰ ਝੂਠ ਦੇ ਪੁਲੰਦੇ ਤੇ ਅਧਾਰਿਤ ਬਣੀ ਫਿਲਮ ਕਹਿ ਕੇ ਨਿੰਦਿਆ।

ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਨੇਤਾ ਤੇ ਕੇਂਦਰੀ ਲੀਡਰਸ਼ਿਪ ਸਮੇਂ-ਸਮੇਂ ਦਿੱਲੀ ਕਮੇਟੀ 'ਚ ਮਨਜੀਤ ਸਿੰਘ ਜੀ. ਕੇ. ਤੇ ਉਸਦੇ ਸਾਥੀਆਂ ਵਲੋਂ ਕੀਤੀ ਗਈ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਤੋਂ ਦਿੱਲੀ ਦੀਆਂ ਸੰਗਤਾਂ ਦਾ ਧਿਆਨ ਭਟਕਾਉਣ ਲਈ ਆਪਣੇ ਸਿਆਸੀ  ਭਾਈਵਾਲ ਭਾਜਪਾ ਦੀ ਆਲੋਚਨਾ ਜਾਂ ਤਾਰੀਫ ਕਰਨ ਦੀਆਂ ਖਬਰਾਂ ਛਾਪਵਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਆਉਣ ਵਾਲੇ ਸਮੇਂ 'ਚ ਬਾਦਲ ਦਲ ਕਾਰਣ  ਸਿਆਸਤ ਵਿਚ ਪੈਣ  ਵਾਲੇ ਘਾਟੇ ਨੂੰ ਮਹਿਸੂਸ ਕਰਦਿਆਂ ਉਸਦੀ ਪੂਰਤੀ ਦੇ ਮੱਦੇ ਨਜ਼ਰ ਸਿੱਖ ਰਾਜਨੀਤੀ ਵਿਚ ਐਚ.ਐੱਸ. ਫੂਲਕਾ ਨੂੰ ਅਗੇ ਲਿਆਉਣ ਦਾ ਜਤਨ ਕਰ ਰਹੀ ਹੈ,

ਜਿਸ ਨੂੰ ਬਾਦਲ ਦਲ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੈ। ਇਸ ਲਈ ਫਿਲਮ ਸਹਾਰੇ ਆਪਣੀ ਭੜਾਸ ਕੱਢ ਰਹੇ ਹਨ। ਸ. ਸਰਨਾ ਨੇ ਕਿਹਾ ਕਿ ਭਾਜਪਾ ਨੂੰ ਪਤਾ ਲੱਗ ਚੁਕਾ ਹੈ ਕਿ ਬਾਦਲ ਦਲ ਪੰਜਾਬ ਦੇ ਲੋਕਾਂ ਵਿਚ ਆਪਣਾ ਸਿਆਸੀ ਵਕਾਰ ਗੁਆ ਚੁਕਾ ਹੈ ਤੇ ਖਾਸ ਕਰਕੇ ਬਾਦਲ ਦੇ ਰਾਜ ਦੌਰਾਨ ਵੱਡੇ ਪੱਧਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਅਣਗਿਣਤ ਵਾਰਦਾਤਾਂ ਤੇ ਬਹਿਬਲ ਕਲਾਂ 'ਚ ਪੰਜਾਬ ਪੁਲਿਸ ਵਲੋਂ ਨਿਹੱਥੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿਖਾਂ ਤੇ ਗੋਲੀ ਚਲਾ ਕੇ ਦੋ ਨੌਜਵਾਨਾਂ ਦਾ ਸ਼ਰੇਆਮ ਕਤਲ ਕਰਨ ਦੀਆਂ ਘਟਨਾਵਾਂ ਇਸ ਦਾ ਮੂਲ ਕਾਰਣ ਮੰਨਿਆਂ ਜਾਂਦੀਆਂ ਹਨ।