ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਬੋਲੇ ਮੋਦੀ, 'ਅਸੀਂ ਤਾਲੀ, ਥਾਲੀ ਨਾਲ ਜਨਤਾ ਦਾ ਹੌਸਲਾ ਵਧਾਇਆ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਦੇਸ਼ ਭਰ ‘ਚ ਕੀਤੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ

PM Modi starts vaccine drive

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਕਿੰਨੇ ਮਹੀਨਿਆਂ ਤੋਂ ਦੇਸ਼ ਦੇ ਹਰ ਘਰ ਵਿਚ ਬੱਚੇ, ਬਜ਼ੁਰਗ, ਜਵਾਨ ਸਾਰਿਆਂ ਦੀ ਜ਼ੁਬਾਨ ‘ਤੇ ਇਕ ਹੀ ਸਵਾਲ ਸੀ ਕਿ ਕੋਰੋਨਾ ਦੀ ਵੈਕਸੀਨ ਕਦੋਂ ਆਵੇਗੀ।

ਉਹਨਾਂ ਕਿਹਾ ਹੁਣ ਤੋਂ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਸਾਰੇ ਦੇਸ਼ ਵਾਸੀਆਂ ਨੂੰ ਵਧਾਈ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮਤੌਰ ‘ਤੇ ਇਕ ਵੈਕਸੀਨ ਬਣਾਉਣ ਵਿਚ ਕਈ ਸਾਲ ਲੱਗ ਜਾਂਦੇ ਹਨ ਪਰ ਇੰਨੇ ਘੱਟ ਸਮੇਂ ਵਿਚ ਇਕ ਨਹੀਂ ਦੋ ‘ਮੇਡ ਇਨ ਇੰਡੀਆ’ ਵੈਕਸੀਨ ਤਿਆਰ ਹੋਈਆਂ। ਕਈ ਹੋਰ ਵੈਕਸੀਨ ‘ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਹ ਭਾਰਤ ਤਾਕਤ, ਵਿਗਿਆਨਕ ਕੁਸ਼ਲਤਾ ਅਤੇ ਹੁਨਰ ਦਾ ਜਿਊਂਦਾ ਜਾਗਦਾ ਸਬੂਤ ਹੈ।

ਕੋਰੋਨਾ ਵੈਕਸੀਨ ਦੀ ਖੁਰਾਕ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਵੈਕਸੀਨ ਦੀਆਂ 2 ਖੁਰਾਕਾਂ ਬਹੁਤ ਜ਼ਰੂਰੀ ਹੈ। ਪਹਿਲੀ ਤੇ ਦੂਜੀ ਖੁਰਾਕ ਵਿਚ ਲਗਭਗ ਇਕ ਮਹੀਨੇ ਦਾ ਅੰਤਰ ਰੱਖਿਆ ਜਾਵੇਗਾ। ਦੂਜੀ ਖੁਰਾਕ ਤੋਂ ਬਾਅਦ ਤੁਹਾਡੇ ਸਰੀਰ ਵਿਚ ਕੋਰੋਨਾ ਖਿਲਾਫ ਜ਼ਰੂਰੀ ਸ਼ਕਤੀ ਵਿਕਸਿਤ ਹੋ ਜਾਵੇਗੀ। ਭਾਰਤ ਟੀਕਾਕਰਣ ਦੇ ਅਪਣੇ ਪਹਿਲੇ ਪੜਾਅ ਵਿਚ 3 ਕਰੋੜ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ।

 

 

ਉਹਨਾਂ ਕਿਹਾ, ‘ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਹੀ ਮਨੁੱਖੀ ਅਤੇ ਮਹੱਤਵਪੂਰਨ ਸਿਧਾਂਤਾਂ 'ਤੇ ਅਧਾਰਤ ਹੈ, ਜਿਸ ਨੂੰ ਸਭ ਤੋਂ ਵੱਧ ਜ਼ਰੂਰਤ ਹੈ, ਉਸ ਨੂੰ ਪਹਿਲਾਂ ਕੋਰੋਨਾ ਟੀਕਾ ਲੱਗੇਗਾ’। ਪੀਐਮ ਨੇ ਕਿਹਾ ਇਤਿਹਾਸ ਵਿਚ ਇਸ ਤਰ੍ਹਾਂ ਅਤੇ ਇੰਨੇ ਵੱਡੇ ਪੱਧਰ ਦੀ ਟੀਕਾਕਰਣ ਮੁਹਿੰਮ ਪਹਿਲਾਂ ਕਦੀ ਨਹੀਂ ਹੋਈ। ਦੁਨੀਆਂ ਦੇ 100 ਤੋਂ ਵੀ ਜ਼ਿਆਦਾ ਅਜਿਹੇ ਦੇਸ਼ ਹਨ, ਜਿਨ੍ਹਾਂ ਦੀ ਗਿਣਤੀ 3 ਕਰੋੜ ਤੋਂ ਘੱਟ ਹੈ ਤੇ ਭਾਰਤ ਟੀਕਾਕਰਣ ਦੇ ਪਹਿਲੇ ਪੜਾਅ ਵਿਚ 3 ਕਰੋੜ ਲੋਕਾਂ ਦਾ ਟੀਕਾਕਰਣ ਕਰ ਰਿਹਾ ਹੈ।

ਭਾਰਤੀ ਵੈਕਸੀਨ ਵਿਦੇਸ਼ੀ ਵੈਕਸੀਨ ਦੀ ਤੁਲਨਾ ਵਿਚ ਬਹੁਤ ਸਸਤੀ ਹੈ ਤੇ ਇਸ ਦੀ ਵਰਤੋਂ ਵੀ ਆਸਾਨ ਹੈ। ਉਹਨਾਂ ਕਿਹਾ ਸਾਡੇ ਵਿਗਿਆਨੀ ਅਤੇ ਮਾਹਰ ਦੋਵੇਂ ਹੀ ਮੇਡ ਇਨ ਇੰਡੀਆ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਯਕੀਨ ਦਵਾ ਚੁੱਕੇ ਹਨ, ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਦੀ ਐਮਰਜੈਂਸੀ ਵਰਤੋਂ ਨੂੰ ਆਗਿਆ ਦਿੱਤੀ ਹੈ। ਇਸ ਲਈ ਦੇਸ਼ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ, ਅਫਵਾਹਾਂ ਅਤੇ ਪ੍ਰਚਾਰ ਤੋਂ ਦੂਰ ਰਹਿਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਨੇ ਕੋਰੋਨਾ ਮਹਾਂਮਾਰੀ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ, ਉਸ ਦਾ ਲੋਹਾ ਅੱਜ ਪੂਰੀ ਦੁਨੀਆਂ ਮੰਨ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰਾਂ, ਸਥਾਨਕ ਪ੍ਰਸ਼ਾਸਨ, ਹਰ ਸਰਕਾਰੀ ਸੰਸਥਾ, ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਪੀਐਮ ਮੋਦੀ ਸੰਬੋਧਨ ਮੌਕੇ ਕੋਰੋਨਾ ਕਾਲ ਦੌਰਾਨ ਜਾਨ ਗਵਾਉਣ ਵਾਲੇ ਯੋਧਿਆਂ ਨੂੰ ਯਾਦ ਕਰਕੇ ਭਾਵੂਕ ਵੀ ਹੋਏ।

ਉਹਨਾਂ ਕਿਹਾ ਸਾਡੇ ਸੈਂਕੜੇ ਸਾਥੀ ਘਰ ਵਾਪਸ ਨਹੀਂ ਪਰਤ ਸਕੇ। ਪੀਐ ਮੋਦੀ ਨੇ ਕਿਹਾ , "ਅਸੀਂ ਤਾਲੀ, ਥਾਲੀ ਨਾਲ ਜਨਤਾ ਦਾ ਹੌਂਸਲਾ ਵਧਾਇਆ। ਜਨਤਾ ਕਰਫਿਊ ਨੇ ਲੋਕਾਂ ਨੂੰ ਲੌਕਡਾਊਨ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ। ਕੋਰੋਨਾ ਖ਼ਿਲਾਫ਼ ਲੜਾਈ ਵਿਚ ਅਸੀਂ ਦੁਨੀਆਂ ਸਾਹਮਣੇ ਮਿਸਾਲ ਰੱਖੀ।"