ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਆਗਾਜ਼ ਅੱਜ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਖੁਰਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਨੂੰ ਵੈਕਸੀਨ ਸਮਰਪਿਤ ਕਰਨਗੇ ਪੀਐਮ ਮੋਦੀ

PM to launch nationwide vaccination drive at 10:30am

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਖਿਲਾਫ ਕਈ ਮਹੀਨਿਆਂ ਤੋਂ ਜਾਰੀ  ਜੰਗ ਦੌਰਾਨ ਅੱਜ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਆਗਾਜ਼ ਹੋਣ ਜਾ ਰਿਹਾ ਹੈ। ਪਹਿਲੇ ਹੀ ਦਿਨ ਦੇਸ਼ ਦੇ ਤਿੰਨ ਲੱਖ ਸਿਹਤ ਕਰਮਚਾਰੀਆਂ ਨੂੰ ਖੁਰਾਕ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10.30 ਵਜੇ ਵੀਡੀਓ ਕਾਨਫਰੰਸ ਜ਼ਰੀਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਤੇ ਸਿਹਤ ਮੰਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਟੀਕਾਕਰਣ ਦਾ ਆਰੰਭ ਕਰਨਗੇ। ਇਸ ਦੌਰਾਨ ਉਹ ਕੋਵਿਨ ਵੈੱਬਸਾਈਟ ਤੇ ਐਪ ਵੀ ਲਾਂਚ ਕਰਨਗੇ। ਇਸ ਜ਼ਰੀਏ ਆਮ ਲੋਕ ਵੈਕਸੀਨ ਲਈ ਮਾਰਚ ਮਹੀਨੇ ਤੋਂ ਕੋਵਿਡ ਐਪ ‘ਤੇ ਰਜਿਸਟਰ ਹੋ ਸਕਦੇ ਹਨ।

ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੁੱਲ 3006 ਟੀਕਾਕਰਣ ਕੇਂਦਰ ਬਣਾਏ ਗਏ ਹਨ। ਸਭ ਤੋਂ ਪਹਿਲਾਂ ਰਾਜਸਥਾਨ ਵਿਚ ਜੈਪੁਰ ਦੇ ਸਵਾਈ ਮਾਨ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੁਧੀਰ ਭੰਡਾਰੀ ਨੂੰ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ। ਉਦਘਾਟਨ ਵਾਲੇ ਦਿਨ ਹਰੇਕ ਕੇਂਦਰ ‘ਤੇ ਕਰੀਬ 100 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਇਸ ਦੌਰਾਨ ਸਰਕਾਰੀ ਤੇ ਨਿੱਜੀ ਖੇਤਰਾਂ ਦੇ ਸਿਹਤ ਕਰਮੀਆਂ ਨੂੰ ਟੀਕਾ ਲਗਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੀਐਮ ਮੋਦੀ ਦੇਸ਼ ਦੇ ਵੱਖ-ਵੱਖ ਸੈਂਟਰਾਂ ਤੋਂ ਅਜਿਹੇ ਦਸ ਲੋਕਾਂ ਨਾਲ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਟਰਾਇਲ ਦੌਰਾਨ ਵੈਕਸੀਨ ਲਗਵਾਈ ਹੈ।

ਇਸ ਤੋਂ ਇਲਾਵਾ ਭਾਰਤ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਦੇ ਵਿਗਿਆਨੀ, ਦੇਸ਼ ਦੇ ਵੱਖ ਵੱਖ ਵੈਕਸੀਨ ਪ੍ਰਦਾਤਾ ਹਸਪਤਾਲਾਂ ਦੇ ਡਾਕਟਰ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਵੈਕਸੀਨ ਲਗਵਾ ਰਹੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।