ਸ਼ੁਰੂ ਹੋਈ ਟੀਕਾਕਰਣ ਮੁਹਿੰਮ, ਏਮਜ਼ 'ਚ ਸਫ਼ਾਈ ਕਰਮਚਾਰੀ ਨੂੰ ਲੱਗਿਆ ਪਹਿਲਾ ਟੀਕਾ
ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਵੀ ਲਗਵਾਇਆ ਟੀਕਾ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਜੰਗ ਦੌਰਾਨ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਟੀਕਾਕਰਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ, ਏਮਜ਼ ਡਾਇਰੈਕਟਰ ਰਣਦੀਪ ਗੁਲੇਰੀਆ ਸਮੇਤ ਕਈ ਲੋਕ ਮੌਜੂਦ ਰਹੇ।
ਏਮਜ਼ ਵਿਚ ਸਭ ਤੋਂ ਪਹਿਲਾਂ ਸਫਾਈ ਕਰਮਚਾਰੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦਿੱਲੀ ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ।
ਮੀਡੀਆ ਨਾਲ ਗੱਲ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਤੇ ਸੰਤੁਸ਼ਟ ਹਨ। ਉਹਨਾਂ ਕਿਹਾ, ‘ਅਸੀਂ ਪਿਛਲੇ ਇਕ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੋਵਿਡ-19 ਖਿਲਾਫ ਲੜ ਰਹੇ ਹਾਂ। ਇਹ ਵੈਕਸੀਨ ਕੋਰੋਨਾ ਵਾਇਰਸ ਜੰਗ ਵਿਚ ’ਸੰਜੀਵਨੀ’ ਦਾ ਕੰਮ ਕਰੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਕਿੰਨੇ ਮਹੀਨਿਆਂ ਤੋਂ ਦੇਸ਼ ਦੇ ਹਰ ਘਰ ਵਿਚ ਬੱਚੇ, ਬਜ਼ੁਰਗ, ਜਵਾਨ ਸਾਰਿਆਂ ਦੀ ਜ਼ੁਬਾਨ ‘ਤੇ ਇਕ ਹੀ ਸਵਾਲ ਸੀ ਕਿ ਕੋਰੋਨਾ ਦੀ ਵੈਕਸੀਨ ਕਦੋਂ ਆਵੇਗੀ। ਉਹਨਾਂ ਕਿਹਾ ਹੁਣ ਤੋਂ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।