ਨਵੀਂ ਦਿੱਲੀ : ਤੀਜੀ ਵਾਰੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦੇ ਵਿਕਾਸ ਦੇ 'ਰੋਡਮੈਪ' 'ਤੇ ਚਰਚਾ ਕਰਨ ਲਈ ਅਪਣੇ ਸੰਭਾਵਤ ਕੈਬਨਿਟ ਮੰਤਰੀਆਂ ਨੂੰ ਰਾਤ ਦੇ ਖਾਣੇ 'ਤੇ ਸਦਿਆ।
ਕੇਜਰੀਵਾਲ ਐਤਵਾਰ ਸਵੇਰੇ 10 ਵਜੇ ਅਪਣੇ ਮੰਤਰੀ ਮੰਡਲ ਸਹਿਯੋਗੀਆਂ ਨਾਲ ਵਿਸ਼ਾਲ ਸਮਾਗਮ 'ਚ ਸਹੁੰ ਚੁੱਕਣਗੇ। ਉਨ੍ਹਾਂ ਨਾਲ ਛੇ ਮੰਤਰੀ ਵੀ ਸਹੁੰ ਚੁੱਕਣਗੇ। ਇਨ੍ਹਾਂ 'ਚ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਗੌਤਮ ਸ਼ਾਮਲ ਹਨ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਵਿਧਾਇਕ ਵਿਜੇਂਦਰ ਗੁਪਤਾ ਨੇ ਸਨਿਚਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਉਸ ਸਰਕੂਲਰ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਿਸ 'ਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਸਰਕਾਰੀ ਸਕੂਲਾਂ ਦੇ ਅਧਿਕਾਪਕਾਂ ਦਾ ਹਾਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਗੁਪਤਾ ਨੇ ਇਸ ਸਰਕੂਲਰ ਨੂੰ 'ਤਾਨਸ਼ਾਹੀ' ਕਰਾਰ ਦਿਤਾ ਹੈ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਵਿਸ਼ਵਾਸ 'ਚਕਨਾਚੂਰ' ਹੋ ਗਿਆ ਹੈ ਕਿ ਸੱਤਾ 'ਚ ਆਉਣ ਮਗਰੋਂ ਕੇਜਰੀਵਾਲ ਦਾ ਜ਼ੋਰ ਸ਼ਾਸਨ ਅਤੇ ਲੋਕਤੰਤਰੀ ਸੰਸਥਾਨਾਂ ਨੂੰ ਮਜ਼ਬੂਤ ਕਰਨ 'ਤੇ ਹੋਵੇਗਾ।
ਹਾਲਾਂਕਿ ਗੁਪਤਾ ਦੇ ਇਤਰਾਜ਼ 'ਤੇ ਦਿੱਲੀ ਡਾਇਲਾਗ ਅਤੇ ਡਿਵੈਲਪਮੈਂਟ ਕਮਿਸ਼ਨ ਦੇ ਮੀਤ ਪ੍ਰਧਾਨ ਜਸਮੀਨ ਸ਼ਾਹ ਨੇ ਕਿਹਾ ਕਿ ਅਧਿਆਪਕ ਅਤੇ ਪ੍ਰਿੰਸੀਪਲ ਪਿਛਲੇ ਪੰਜ ਸਾਲਾਂ 'ਚ ਦਿੱਲੀ ਅੰਦਰ ਬਦਲਾਅ ਦੇ 'ਸ਼ਿਲਪਕਾਰ' ਹਨ ਅਤੇ ਉਹ ਸਹੁੰ ਚੁੱਕ ਸਮਾਗਮ 'ਚ ਸੱਦੇ ਜਾਣ ਦੇ ਹੱਕਦਾਰ ਹਨ। ਇਸ ਤੋਂ ਪਹਿਲਾਂ ਪਾਰਟੀ ਅਹੁਦੇਦਾਰਾਂ ਅਨੁਸਾਰ ਕੇਜਰੀਵਾਲ ਅਪਣੇ ਸੰਭਾਵਤ ਮੰਤਰੀਆਂ ਨਾਲ ਰਾਤ ਦੇ ਖਾਣੇ 'ਤੇ ਉਨ੍ਹਾਂ ਪਹਿਲੂਆਂ 'ਤੇ ਚਰਚਾ ਕਰਨਗੇ ਜਿਨ੍ਹਾਂ ਨੂੰ ਪਹਿਲ ਦਿਤੇ ਜਾਣ ਦੀ ਜ਼ਰੂਰਤ ਹੈ।
ਇਸ ਮੌਕੇ ਆਗਾਮੀ ਮਹੀਨਿਆਂ 'ਚ ਦਿੱਲੀ ਸਰਕਾਰ ਵਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੈਠਕ 'ਚ ਦਿੱਲੀ ਨੂੰ ਇਕ ਕੌਮਾਂਤਰੀ ਸਹਿਰ ਬਣਾਉਣ ਦੇ ਮਕਸਦ ਨਾਲ ਖਾਕਾ ਤਿਆਰ ਕਰਨ 'ਤੇ ਵੀ ਧਿਆਨ ਕੇਂਦਰ ਕੀਤਾ ਜਾਵੇਗਾ।