ਮੈਂ ਵੋਟ ਦੇਣ ਵਾਲਿਆਂ ਅਤੇ ਵੋਟ ਨਾ ਦੇਣ ਵਾਲਿਆਂ ਦੋਵਾਂ ਦਾ ਮੁੱਖ ਮੰਤਰੀ ਹਾਂ-ਕੇਜਰੀਵਾਲ
ਕੋਈ ਕਿਸੇ ਵੀ ਪਾਰਟੀ, ਧਰਮ, ਜਾਤ ਨਾਲ ਸਬੰਧਤ ਹੋਵੇ, ਸਾਰਿਆਂ ਲਈ ਕੰਮ ਕਰਾਂਗੇ : ਕੇਜਰੀਵਾਲ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪੂਰਨ ਬਹੁਮਤ ਨਾਲ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਸੀਐਮ ਅਹੁਦੇ ਲਈ ਸਹੁੰ ਚੁੱਕ ਲਈ ਹੈ। ਉਹ ਦਿੱਲੀ ਦੇ ਤੀਜੀ ਵਾਰ ਮੁੱਖ ਮੰਤਰੀ ਬਣ ਗਏ ਹਨ। ਅਰਵਿੰਦ ਕੇਜਰੀਵਾਲ ਦੇ ਨਾਲ ਛੇ ਵਿਧਾਇਕਾਂ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ।
ਜਿਨ੍ਹਾਂ ਵਿਚ ਮਨੀਸ਼ ਸਿਸੋਦਿਆ, ਇਮਰਾਨ ਹੁਸੈਨ, ਗੋਪਾਲ ਰਾਏ, ਰਾਜਿੰਦਰ ਗੌਤਮ, ਸਤਿੰਦਰ ਜੈਨ ਅਤੇ ਕੈਲਾਸ਼ ਗਹਿਲੋਤ ਸ਼ਾਮਿਲ ਹਨ। ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੰਬੋਧਨ ਕੀਤਾ। ਅਰਵਿੰਦ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਮੇਰੀ ਨਹੀਂ ਦਿੱਲੀ ਵਾਲਿਆਂ ਦੀ ਜਿੱਤ ਹੈ।
ਉਹਨਾਂ ਕਿਹਾ ਕਿ ਮੈਂ ਵੋਟ ਦੇਣ ਵਾਲੇ ਅਤੇ ਵੋਟ ਨਾ ਦੇਣ ਵਾਲੇ ਦੋਵਾਂ ਦਾ ਮੁੱਖ ਮੰਤਰੀ ਹਾਂ। ਉਹਨਾਂ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਸਿਆਸੀ ਬੋਲ-ਕੁਬੋਲ ਹੋਏ ਹਨ ਉਹਨਾਂ ਨੂੰ ਭੁੱਲ ਜਾਓ। ਅਸੀਂ ਕੇਂਦਰ ਦੇ ਨਾਲ ਮਿਲ ਕੇ ਕੰਮ ਕਰਾਂਗੇ।
ਉਹਨਾਂ ਨੇ ਦਿੱਲੀ ਵਾਸਿਆਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਪਾਰਟੀ ਜਾਂ ਧਰਮ ਦੇ ਹੋਵੋ, ਕੰਮ ਹੋਇਆ ਤਾਂ ਮੇਰੇ ਕੋਲ ਆ ਜਾਣਾ। ਉਹਨਾਂ ਕਿਹਾ ਕਿ ਦੇਸ਼ ਵਿਚ ਨਵੀਂ ਸਿਆਸਤ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਚਾਹੁੰਦਾ ਹਾਂ। ਮੈਂ ਸਭ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਉਹਨਾਂ ਨੇ ਸਟੇਜ ਤੋਂ ਇਕ ਕਵਿਤਾ ਵੀ ਪੜ੍ਹੀ।
ਜਦੋਂ ਭਾਰਤ ਮਾਤਾ ਦਾ ਹਰ ਬੱਚਾ
ਚੰਗੀ ਸਿੱਖਿਆ ਪਾਵੇਗਾ
ਜਦੋਂ ਭਾਰਤ ਮਾਤਾ ਦੇ ਹਰ ਬੰਦੇ ਨੂੰ
ਚੰਗਾ ਇਲਾਜ ਮਿਲ ਜਾਵੇਗਾ
ਜਦੋਂ ਸੁਰੱਖਿਆ ਅਤੇ ਸਨਮਾਨ
ਔਰਤਾਂ ਵਿਚ ਆਤਮ ਵਿਸ਼ਵਾਸ ਜਗਾਵੇਗਾ
ਜਦੋਂ ਕਿਸਾਨ ਦਾ ਪਸੀਨਾ
ਉਸ ਦੇ ਘਰ ਵਿਚ ਖ਼ੁਸ਼ਹਾਲੀ ਲਿਆਵੇਗਾ
ਜਦੋਂ ਹਰ ਭਾਰਤ ਵਾਸੀ
ਜੀਵਨ ਦੀ ਮੁੱਢਲੀ ਸਹੂਲਤ ਪਾਵੇਗਾ
ਜਦੋਂ ਧਰਮ ਜਾਤੀ ਤੋਂ ਉੱਠ ਕੇ
ਹਰ ਭਾਰਤਵਾਸੀ ਭਾਰਤ ਨੂੰ ਅੱਗੇ ਵਧਾਏਗਾ
ਫਿਰ ਹੀ ਅਮਰ ਤਿਰੰਗਾ
ਅਸਮਾਨ ਵਿਚ ਸ਼ਾਨ ਨਾਲ ਲਹਿਰਾਵੇਗਾ
ਕੇਜਰੀਵਾਲ ਨੇ ਕਿਹਾ ਕਿ ਮਾਂ ਲਈ ਬੱਚੇ ਦਾ ਪਿਆਰ ਮੁਫਤ ਹੁੰਦਾ ਹੈ। ਅਜਿਹੇ ਸੀਐਮ ‘ਤੇ ਲਾਹਣਤ ਹੈ ਜੋ ਬੱਚਿਆਂ ਤੋਂ ਸਕੂਲ ਦੀ ਫੀਸ ਲੈਂਦੇ ਹਨ ਤੇ ਮੁਫ਼ਤ ਇਲਾਜ ਨਾ ਦੇ ਸਕਣ। ਉਹਨਾਂ ਕਿਹਾ ਕਿ ਦਿੱਲੀ ਮਾਡਲ ਹੁਣ ਪੂਰੇ ਦੇਸ਼ ਵਿਚ ਦਿਖ ਰਿਹਾ ਹੈ। ਇਕ ਦਿਨ ਭਾਰਤ ਦਾ ਡੰਕਾ ਪੂਰੀ ਦੁਨੀਆ ਵਿਚ ਵੱਜੇਗਾ। ਅਖੀਰ ਵਿਚ ਸੀਐਮ ਕੇਜਰੀਵਾਲ ਨੇ ‘ਹਮ ਹੋਂਗੇ ਕਾਮਯਾਬ’ ਗੀਤ ਗਾਇਆ ਅਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਲ ਅਪਣੇ ਸੰਬੋਧਨ ਨੂੰ ਵਿਰਾਮ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਸੀ। ਉਹ ਨਹੀਂ ਆ ਸਕੇ, ਸ਼ਾਇਦ ਉਹ ਕਿਸੇ ਹੋਰ ਪ੍ਰੋਗਰਾਮ ਵਿਚ ਵਿਅਸਥ ਹਨ। ਉਹਨਾਂ ਕਿਹਾ ਕਿ ਉਹ ਦਿੱਲੀ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਤੋਂ ਆਸ਼ੀਰਵਾਦ ਲੈਣਾ ਚਾਹੁੰਦੇ ਹਨ।