ਲਮੇਰੇ ਸੰਘਰਸ਼ ਦੀ ਲਾਮਬੰਦੀ 'ਚ ਜੁਟੀਆਂ ਕਿਸਾਨ ਜਥੇਬੰਦੀਆਂ, ਸਰਕਾਰ ਨੂੰ ਸੂਬਿਆਂ ਅੰਦਰ ਘੇਰਨ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਦੋਲਨ ਨੂੰ ਵਿਸਥਾਰ ਦੇਣ ਲਈ ਬਣਾਈ ਯੋਜਨਾ

Farmers Protest

ਨਵੀਂ ਦਿੱਲੀ: ਕਿਸਾਨਾਂ ਨੂੰ ਥਕਾ ਕੇ ਘਰਾਂ ਨੂੰ ਮੋੜਣ ਦੀ ਤਾਕ ਵਿਚ ਬੈਠੀ ਕੇਂਦਰ ਸਰਕਾਰ ਨੂੰ ਢੁਕਵਾਂ ਜਵਾਬ ਦੇਣ ਲਈ ਕਿਸਾਨ ਜਥੇਬੰਦੀਆਂ ਨੇ ਰਣਨੀਤੀ 'ਚ ਵਿਚ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਅੰਦਰ ਦਾਖਲ ਹੋ ਕੇ ਸਰਕਾਰ 'ਤੇ ਦਬਾਅ ਬਣਾਉਣ ਦੇ ਉਲਟ ਹੁਣ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਪਿੰਡ ਪੱਧਰ 'ਤੇ ਘੇਰਨ ਦੀ ਤਿਆਰੀ 'ਚ ਹਨ।

ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਆਪਣੀ ਸੱਤਾ ਬਣਾਈ ਰੱਖਣ ਲਈ ਇਕ ਨਾ ਇਕ ਦਿਨ ਲੋਕਾਂ ਦੀ ਕਚਹਿਰੀ ਵਿਚ ਆਉਣਾ ਹੀ ਪਵੇਗਾ। ਇਸ ਲਈ ਕਿਸਾਨ ਜਥੇਬੰਦੀਆਂ ਨੇ ਪਿੰਡ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਮੰਨ ਬਣਾਇਆ ਹੈ ਤਾਂ ਜੋ ਸਰਕਾਰ ਦੇ ਚੁਣਾਵੀਂ ਮਨਸੂਬਿਆਂ ਨੂੰ ਪਿਛਲਪੈਰੀ ਕੀਤਾ ਜਾ ਸਕੈ। ਇਹ ਕਾਰਨ ਹੈ ਕਿ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੋਂ ਦਬਾਅ ਘਟਾ ਕੇ ਇਸ ਨੂੰ ਦੇਸ਼ ਦੇ ਦੂਰ-ਦੁਰਾਂਡੇ ਖੇਤਰਾਂ ਵਿਚ ਫੈਲਾਉਣਾ ਸ਼ੁਰੂ ਕਰ ਦਿਤਾ ਹੈ।

ਇਸੇ ਤਹਿਤ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਗਾਜ਼ੀਪੁਰ ਬਾਰਡਰ ਤੇ ਸਿੰਘੂ ਬਾਰਡਰ ਤੇ ਭੀੜ ਪਹਿਲਾਂ ਦੇ ਮੁਕਾਬਲੇ ਘੱਟ ਹੋ ਰਹੀ ਹੈ। ਸੰਘਰਸ਼ ਲੰਮਾ ਖਿੱਚਣ ਕਾਰਨ ਕਈ ਕਿਸਾਨ ਕਿਸਾਨ ਘਰਾਂ ਨੂੰ ਪਰਤ ਰਹੇ ਹਨ ਜੋ ਅੰਦੋਲਨ ਦੀ ਨਵੀਂ ਰਣਨੀਤੀ ਦਾ ਹੀ ਇਕ ਹਿੱਸਾ ਹੈ। ਕਿਸਾਨਾਂ ਨੇ ਕਿਹਾ ਕਿ ਲੜਾਈ ਲੰਬੀ ਚੱਲਣ ਵਾਲੀ ਹੈ। ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਘੱਟ ਕਰਨਾ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ ਜੋ ਅੰਦੋਲਨ ਨੂੰ ਵਿਸਥਾਰ ਦੇਣ ਲਈ ਬਣਾਈ ਗਈ ਹੈ। ਹੁਣ ਅੰਦੋਲਨ ਲਈ ਸਮਰਥਨ ਹਾਸਲ ਕਰਨ ਲਈ ਸੂਬਿਆਂ 'ਚ ਵੱਡੇ ਪੱਧਰ 'ਤੇ ਰੈਲੀਆਂ ਕਰਨ 'ਤੇ ਫੋਕਸ ਹੈ।

ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪੂਰੇ ਦੇਸ਼ 'ਚ ਮਹਾਪੰਚਾਇਤ ਕਰਨ ਦੀ ਯੋਜਨਾ ਬਣਾਈ ਸੀ। ਉਹ ਅਗਲੇ ਕੁਝ ਦਿਨਾਂ 'ਚ ਹਰਿਆਣਾ, ਮਹਾਰਾਸ਼ਟਰ ਤੇ ਰਾਜਸਥਾਨ 'ਚ ਅਜਿਹੀਆਂ ਕਈ ਬੈਠਕਾਂ 'ਚ ਸ਼ਾਮਲ ਹੋਣਗੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਦਿੱਲੀ ਬਾਰਡਰ 'ਤੇ ਇਕੱਠੇ ਹੋਕੇ ਬੈਠਣ ਨਾਲੋਂ ਕਿਸਾਨ ਪ੍ਰਦਰਸ਼ਨ ਦੀ ਰਣਨੀਤੀ ਬਦਲ ਰਹੇ ਹਨ।

ਹੁਣ ਅੰਦੋਲਨ ਹਰ ਘਰ ਹਰ ਪਿੰਡ ਤਕ ਪਹੁੰਚੇਗਾ। ਇਸ ਲਈ ਵੱਖ-ਵੱਖ ਥਾਵਾਂ 'ਤੇ ਜਾ ਕੇ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਕਈ ਸੂਬਿਆਂ ਵਿਚ ਅਗਲੇ ਸਾਲਾਂ ਦੌਰਾਨ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕਿਸਾਨਾਂ ਦੀ ਅੰਦੋਲਨ ਨੂੰ ਦਿੱਲੀ ਦੇ ਬਾਰਡਰਾਂ ਦੇ ਨਾਲ-ਨਾਲ ਦੇਸ਼ ਭਰ ਦੇ ਗਲੀ-ਮੁਹੱਲਿਆਂ ਤਕ ਲਿਜਾਣ ਦੀ ਰਣਨੀਤੀ ਸਰਕਾਰ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।