ਲੰਮੇਰਾ ਖਿੱਚਦਾ ਕਿਸਾਨੀ ਸੰਘਰਸ਼: ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੇ ਸਰਦੀਆਂ ਤੋਂ ਬਾਅਦ ਹੁਣ ਗਰਮੀ ਨਾਲ ਨਜਿੱਠਣ ਲਈ ਕਮਰਕੱਸੀ

Farmers Protest

ਨਵੀਂ ਦਿੱਲੀ: ਹੱਕਾਂ ਦੀ ਲੜਾਈ ਲਈ ਦਿੱਲੀ ਦੀਆਂ ਬਰੂਹਾਂ 'ਤੇ ਹਕੂਮਤ ਨਾਲ ਆਡਾ ਲਾਈ ਬੈਠੀਆਂ ਸੰਘਰਸ਼ੀ ਧਿਰਾਂ ਨੂੰ ਅਨੇਕਾਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਰਹਿਣ-ਸਹਿਣ ਨਾਲ ਸਬੰਧਤ ਸਮੱਸਿਆਵਾਂ ਤੋਂ ਇਲਾਵਾ ਮੌਸਮੀ ਤਬਦੀਲੀ ਨਾਲ ਸਬੰਧਤ ਮਸਲੇ ਵੀ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਸੰਘਰਸ਼ੀ ਧਿਰਾਂ ਨੇ ਅਗੇਤੇ ਪ੍ਰਬੰਧ ਆਰੰਭ ਦਿੱਤੇ ਹਨ। ਸਰਦੀਆਂ ਵਿਚ ਗਰਮ ਕੱਪੜਿਆਂ ਸਮੇਤ ਹੋਰ ਸਾਜੋ ਸਮਾਨ ਦੀ ਜ਼ਰੂਰਤ ਸੀ ਜਿਸ ਦੀ ਭਰਪਾਈ ਲਈ ਲੋਕਾਂ ਨੇ ਦਿਲ ਖੋਲ੍ਹ ਕੇ ਮੱਦਦ ਕੀਤੀ। ਹੁਣ ਮੌਸਮ ਦੇ ਕਰਵਟ ਬਦਲਣ ਬਾਅਦ ਗਰਮੀ ਦੇ ਮੌਸਮ ਨੇ ਦਸਤਕ ਦੇ ਦਿਤੀ ਹੈ ਜਿਸ ਤੋਂ ਬਾਅਦ ਗਰਮੀ ਤੋਂ ਬਚਾਅ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।

ਯੂਪੀ ਗੇਟ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਗਰਮੀ ਨਾਲ ਨਜਿੱਠਣ ਲਈ ਕਿਸਾਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਗਰਮੀ ਤੋਂ ਬਚਾਅ ਲਈ ਕੂਲਰ ਮੰਗਵਾਏ ਜਾ ਰਹੇ ਹਨ। ਇਸ ਦੇ ਨਾਲ ਹੀ, ਕਿਸਾਨ ਬਿਜਲੀ ਪ੍ਰਣਾਲੀ ਲਈ ਆਰਜ਼ੀ ਕੁਨੈਕਸ਼ਨਾਂ ਲਈ ਬਿਜਲੀ ਨਿਗਮ ਨੂੰ ਦਰਖਾਸਤ ਦੇਣਗੇ। ਜੇ ਬਿਜਲੀ ਨਿਗਮ ਨਾਲ ਕੁਨੈਕਸ਼ਨ ਨਹੀਂ ਦਿੱਤਾ ਗਿਆ ਤਾਂ ਕਿਸਾਨ ਅੰਦੋਲਨ ਵਾਲੀ ਜਗ੍ਹਾ 'ਤੇ ਜਰਨੇਟਰਾਂ ਦਾ ਪ੍ਰਬੰਧ ਕਰਨਗੇ।

ਅੰਦੋਲਨ ਵਾਲੀ ਜਗ੍ਹਾ 'ਤੇ ਹਰੇਕ ਕੈਂਪ 'ਚ ਕੂਲਰ ਪ੍ਰਦਾਨ ਕੀਤੇ ਜਾਣਗੇ। ਕੂਲਰ ਦੇ ਆਰਡਰ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਹਨ। ਬਿਜਲੀ ਨਿਗਮ ਨੂੰ ਅੰਦੋਲਨ ਵਾਲੀ ਜਗ੍ਹਾ 'ਤੇ 100 ਕਿੱਲੋਵਾਟ ਦਾ ਆਰਜ਼ੀ ਕੁਨੈਕਸ਼ਨ ਦੇਣ ਲਈ ਕਿਹਾ ਜਾਵੇਗਾ। ਕੁਨੈਕਸ਼ਨ ਲੈਣ ਲਈ ਆਉਣ ਵਾਲਾ ਖਰਚਾ ਤੇ ਬਿੱਲ ਕਿਸਾਨ ਕਮੇਟੀ ਭਰੇਗੀ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਗਰਮੀ ਵੱਧ ਰਹੀ ਹੈ। ਗਰਮੀਆਂ ਵਿੱਚ ਅੰਦੋਲਨ ਵਾਲੀ ਜਗ੍ਹਾ 'ਤੇ ਵੀ ਕੂਲਰ ਚੱਲਣਗੇ।

ਜਿਉਂ ਜਿਉਂ ਗਰਮੀ ਵਧਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਧੁੱਪ 'ਚ ਬੈਠਣਾ ਕਿਸਾਨਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਗਰਮੀ ਕਾਰਨ ਕਿਸਾਨ ਸਟੇਜ ਦੇ ਸਾਹਮਣੇ ਬਹੁਤ ਘੱਟ ਗਿਣਤੀ 'ਚ ਬੈਠ ਰਹੇ ਹਨ। ਕਿਸਾਨ ਥਾਂ-ਥਾਂ ਛਾਂ 'ਚ ਖੜ੍ਹੇ ਹੁੰਦੇ ਹਨ। ਇੱਕ ਜਾਂ ਦੋ ਦਿਨਾਂ ਵਿੱਚ ਸਟੇਜ ਦੇ ਸਾਹਮਣੇ ਟੈਂਟ ਲਾਏ ਜਾਣਗੇ। ਇਸ ਦੇ ਨਾਲ ਹੀ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇਗਾ। 

ਦੂਜੇ ਪਾਸੇ ਸੰਘਰਸ਼ੀ ਸਥਾਨਾਂ 'ਤੇ ਗਰਮੀ ਦੇ ਮੌਸਮ ਵਿਚ ਲੋੜੀਂਦੇ ਸਾਜੋ-ਸਮਾਨ ਦੀ ਭਰਪਾਈ ਲਈ ਪਿੰਡਾਂ ਵਿਚ ਲਾਮਬੰਦੀ ਸ਼ੁਰੂ ਹੋ ਗਈ ਹੈ। ਪੱਖੇ, ਕੂਲਰਾਂ ਅਤੇ ਹੋਰ ਸਾਜੋ-ਸਮਾਨ ਦੀ ਸਪਲਾਈ ਲਈ ਕਿਸਾਨ ਆਗੂਆਂ ਨੇ ਹੁਣੇ ਤੋਂ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਸਬੰਧੀ ਫੈਕਟਰੀਆਂ ਨਾਲ ਵੀ ਸੰਪਰਕ ਸਾਧਿਆਂ ਜਾ ਰਹਿ ਹੈ। ਸਰਕਾਰ ਦੇ ਰਵੱਈੇਏ ਨੂੰ ਵੇਖਦਿਆਂ ਕਿਸਾਨ ਆਗੂਆਂ ਨੇ ਹਰ ਮੌਸਮ ਦੇ ਟਾਕਰੇ ਲਈ ਅਗੇਤੀ ਤਿਆਰੀ ਆਰੰਭ ਦਿੱਤੀ ਹੈ। ਗਰਮੀ ਤੋਂ ਬਾਅਦ ਆਉਂਦੇ ਬਰਸਾਤ ਦੇ ਮੌਸਮ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ।