ਟੂਲਕਿੱਟ ਮਾਮਲਾ: ਨਿਕਿਤਾ ਜੈਕਬ ਅਤੇ ਸ਼ਾਂਤਨੂੰ ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਅੱਜ
ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੇ ਅਗਾਊਂ ਜ਼ਮਾਨਤ ਲਈ ਮੁੰਬਈ ਹਾਈ ਕੋਰਟ ਦਾ ਰੁਖ਼ ਕੀਤਾ
ਮੁੰਬਈ: ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵਲੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸਾਂਝੀ ਕੀਤੇ ਜਾਣ ਦੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਦਰਜ ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੇ ਟਰਾਂਜ਼ਿਟ ਅਗਾਊਂ ਜ਼ਮਾਨਤ ਲਈ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਦਾ ਰੁਖ਼ ਕੀਤਾ| ਦਿੱਲੀ ਦੀ ਇਕ ਕੋਰਟ ਨੇ ਇਸ ਮਾਮਲੇ 'ਚ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ |
ਦਿੱਲੀ ਪੁਲਿਸ ਅਨੁਸਾਰ, ਦੋਹਾਂ 'ਤੇ ਦਸਤਾਵੇਜ਼ ਤਿਆਰ ਕਰਨ ਅਤੇ 'ਖ਼ਾਲਿਸਤਾਨ ਸਮਰਥਕ ਤੱਤਾਂ' ਦੇ ਸਿੱਧੇ ਸੰਪਰਕ 'ਚ ਹੋਣ ਦਾ ਦੋਸ਼ ਹੈ | ਜੈਕਬ ਨੇ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਦੇ ਜੱਜ ਪੀ.ਡੀ. ਨਾਇਕ ਦੀ ਏਕਲ ਬੈਂਚ ਤੋਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ | ਹਾਈ ਕੋਰਟ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗਾ |
ਜੈਕਬ ਨੇ 4 ਹਫ਼ਤਿਆਂ ਲਈ ਟਰਾਂਜ਼ਿਟ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ਤਾਕਿ ਉਹ ਦਿੱਲੀ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਲਈ ਸਬੰਧਿਤ ਅਦਾਲਤ ਦਾ ਰੁਖ ਕਰ ਸਕੇ | ਵਕੀਲ ਨੇ ਅਪਣੀ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਮਾਮਲੇ 'ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਜਾਂ ਗਵਾਹ ਦੇ ਤੌਰ 'ਤੇ ਆਇਆ ਹੈ |
ਪਟੀਸ਼ਨ 'ਚ ਕਿਹਾ,''ਜੈਕਬ ਨੂੰ ਡਰ ਹੈ ਕਿ ਉਸ ਨੂੰ ਸਿਆਸੀ ਬਦਲੇ ਅਤੇ ਮੀਡੀਆ ਦੀ ਸੁਣਵਾਈ ਕਾਰਨ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ |'' ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਕੇਸ ਵਿਚ ਦਰਜ ਐਫ਼.ਆਈ.ਆਰ. ਗ਼ਲਤ ਅਤੇ ਬੇਬੁਨਿਆਦ ਹੈ ਅਤੇ ਜੈਕਬ ਨੇ ਹੁਣ ਤਕ ਦਿੱਲੀ ਦੇ ਸਾਈਬਰ ਸੈੱਲ ਨਾਲ ਸਹਿਯੋਗ ਕੀਤਾ ਹੈ ਅਤੇ ਬਿਆਨ ਵੀ ਦਰਜ ਕਰਵਾਇਆ ਹੈ |
ਪਟੀਸ਼ਨ ਵਿਚ ਕਿਹਾ,''ਕਾਨੂੰਨੀ ਅਧਿਕਾਰ ਆਬਜ਼ਰਵੇਟਰੀ ਨਾਮ ਦੀ ਇਕ ਸੰਸਥਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਗ਼ਲਤ ਸ਼ਿਕਾਇਤ ਦਰਜ ਕਰਵਾਈ ਹੈ ਤੇ 26 ਜਨਵਰੀ ਨੂੰ ਹੋਈ ਹਿੰਸਾ ਦਾ ਦੋਸ਼ ਪਟੀਸ਼ਨਕਰਤਾ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ |