ਵਿਦਿਆਰਥੀਆਂ ਨੇ ਦਿਸ਼ਾ ਰਵੀ ਦੇ ਹੱਕ ਵਿਚ ਚੁਕਿਆ ਝੰਡਾ, ‘ਲੋਕਤੰਤਰ ਖਤਰੇ ’ਚ ਹੈ’ ਸਬੰਧੀ ਲਾਏ ਨਾਅਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੈਂਗਲੁਰੂ ਵਿਚ ਵਿਦਿਆਰਥੀਆਂ ਨੇ ਕੀਤਾ ਰੋਸ ਮੁਜਾਹਰਾ

Student Protest

ਨਵੀਂ ਦਿੱਲੀ: ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੀ ਗਈ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਦੇ ਹੱਕ ਵਿਚ ਲੋਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਮ ਜਨਤਾ ਤੋਂ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਤਕ ਭਾਰੀ ਰੋਹ ਹੈ। ਦਿਸ਼ਾ ਰਵੀ ਨੂੰ ਬੈਂਗਲੁਰੂ ’ਚ ਗ੍ਰਿਫ਼ਤਾਰ ਕੀਤਾ ਗਿਆ।  ਦਿਸ਼ਾ ਰਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ’ਚ ਵਿਦਿਆਰਥੀ ਬੈਂਗਲੁਰੂ ਦੀਆਂ ਸੜਕਾਂ ’ਤੇ ਉਤਰੇ। 


ਵਿਦਿਆਰਥੀਆਂ ਨੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ’ਤੇ ਲਿਖਿਆ ਸੀ ਕਿ ‘ਕਿਸਾਨਾਂ ਦਾ ਸਮਰਥਨ ਕਰਨਾ ਕੋਈ ਗੁਨਾਹ ਨਹੀਂ ਹੈ’। ‘ਲੋਕਤੰਤਰ ਖ਼ਤਰੇ ’ਚ ਹੈ’। ਕਾਬਲੇਗੌਰ ਹੈ ਕਿ 22 ਸਾਲਾ ਦਿਸ਼ਾ ਰਵੀ ਬੈਂਗਲੁਰੂ ਦੀ ਰਹਿਣ ਵਾਲੀ ਹੈ। ਦਿਸ਼ਾ ਬੈਂਗਲੁਰੂ ਦੇ ਇਕ ਪ੍ਰਾਈਵੇਟ ਕਾਲਜ ਤੋਂ ਬੀ. ਬੀ. ਏ. ਦੀ ਡਿਗਰੀ ਧਾਰਕ ਹੈ।

ਉਹ ਫ੍ਰਾਈਡੇਜ ਫਾਰ ਫਿਊਚਰ ਇੰਡੀਆ’ ਨਾਮੀ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੈ। ਦਿਸ਼ਾ ਦੀ ਗਿ੍ਰਫ਼ਤਾਰੀ ਸ਼ਨੀਵਾਰ ਨੂੰ ਹੋਈ ਸੀ। ਦਿਸ਼ਾ ਰਵੀ ਲਗਾਤਾਰ ਕਈ ਕਾਲਮ, ਆਰਟੀਕਲ ਲਿਖਦੀ ਆਈ ਹੈ, ਜਿਸ ਵਿਚ ਉਸ ਨੇ ਵਾਤਾਵਰਣ ’ਚ ਬਦਲਾਅ ਨਾਲ ਜੁੜੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਿਆ ਹੈ। ਦਿੱਲੀ ਪੁਲਿਸ ਨੇ ਦਿਸ਼ਾ ’ਤੇ ਕਿਸਾਨਾਂ ਦੇ ਸਮਰਥਨ ਵਿਚ ਬਣਾਈ ਗਈ ਵਿਵਾਦਪੂਰਨ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦਾ ਦੋਸ਼ ਲਾਇਆ ਹੈ। 

ਪੁਲਿਸ ਦਾ ਕਹਿਣਾ ਹੈ ਕਿ ਦਿਸ਼ਾ ਨੇ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਹੋਰ ਲੋਕਾਂ ਨਾਲ ਮਿਲ ਕੇ ਖਾਲਿਸਤਾਨ ਸਮਰਥਕ ਸਮੂਹ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਨਾਲ ਮਿਲੀਭਗਤ ਕੀਤੀ ਹੈ। ਦਿੱਲੀ ਪੁਲਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਦਿਸ਼ਾ ਰਵੀ ਨਾਲ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਟੂਲਕਿੱਟ ਬਣਾਈ ਸੀ।