ਅਨਿਲ ਵਿਜ ਦੇ ਅਕਾਉਂਟ ’ਤੇ ਟਵਿੱਟਰ ਨਹੀਂ ਕਰੇਗਾ ਕਾਰਵਾਈ, ਦਿਸ਼ਾ ਰਵੀ ਨੂੰ ਲੈ ਕੇ ਕੀਤਾ ਸੀ ਇਹ ਟਵੀਟ
ਵੱਡੀ ਗਿਣਤੀ ਲੋਕਾਂ ਨੇ ਟਵੀਟ ਹਟਾਉਣ ਲਈ ਟਵਿੱਟਰ ਕੋਲ ਕੀਤੀ ਸੀ ਸ਼ਿਕਾਇਤ
ਹਰਿਆਣਾ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ‘ਟੂਲਕਿਟ’ ਮਾਮਲੇ ’ਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਬਾਰੇ ਕੀਤੇ ਟਵੀਟ ਤੋਂ ਬਾਅਦ ਵਿਵਾਦਾਂ ’ਚ ਘਿਰ ਗਏ ਹਨ। ਲੋਕਾਂ ਨੇ ਉਨ੍ਹਾਂ ਦੇ ਟਵੀਟ ਨੂੰ ਇਤਰਾਜ਼ਯੋਗ ਮੰਨਦੇ ਹੋਏ ਟਵੀਟ ਦੀ ਆਲੋਚਨਾ ਕੀਤੀ ਹੈ। ਵੱਡੀ ਗਿਣਤੀ ਵਿਚ ਲੋਕਾਂ ਵਲੋਂ ਟਵਿੱਟਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਅਕਾਊਂਟ ਜਾਂ ਉਨ੍ਹਾਂ ਦੇ ਟਵੀਟ ਨੂੰ ਟਵਿੱਟਰ ਤੋਂ ਹਟਾ ਲਿਆ ਜਾਵੇ ਪਰ ਟਵਿੱਟਰ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿਤੀ ਹੈ।
ਇਸ ਬਾਰੇ ਕੀਤੀ ਸ਼ਿਕਾਇਤ ’ਤੇ ਟਵਿੱਟਰ ਵਲੋਂ ਪ੍ਰਤੀਕਿਰਿਆ ਵੀ ਅਨਿਲ ਵਿਜ ਨੇ ਸਾਂਝੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਅਸੀਂ ਇਸ ਸਮੱਗਰੀ ਦੀ ਜਾਂਚ ਕਰ ਲਈ ਹੈ ਅਤੇ ਇਹ ਟਵਿੱਟਰ ਦੇ ਨਿਯਮਾਂ ਤਹਿਤ ਹਟਾਉਣ ਯੋਗ ਨਹੀਂ ਹੈ। ਇਸ ਹਿਸਾਬ ਨਾਲ ਅਸੀਂ ਸ਼ਿਕਾਇਤ ’ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਹੈ।
ਟਵਿੱਟਰ ਨੇ ਅਨਿਲ ਵਿਜ ਨੂੰ ਭੇਜੇ ਈ-ਮੇਲ ’ਚ ਕਿਹਾ ਕਿ ਸਾਨੂੰ ਤੁਹਾਡੇ ਨਾਂ ਦੇ ਅਕਾਊਂਟ ਦੇ ਇਕ ਕੰਟੈਂਟ ਨੂੰ ਲੈ ਕੇ ਸ਼ਿਕਾਇਤ ਮਿਲੀ ਹੈ। ਟਵਿੱਟਰ ਨੇ ਇਸ ਟਵੀਟ ਦਾ ਵੀ ਜ਼ਿਕਰ ਕੀਤਾ ਹੈ।
ਇਹ ਟਵੀਟ ਇਸ ਤਰ੍ਹਾਂ ਹੈ- ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ਼ ਵਿਚ ਹੋਵੇ, ਉਸ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਣਾ ਚਾਹੀਦਾ ਹੈ। ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।