ਨਰਸ ਨੇ ਦੱਸਿਆ ,ਕਿਹੜੇ ਹਲਾਤਾਂ ‘ਚ ਕਰਦੇ ਹਨ ਉਹ ਕਰੋਨਾ ਦੇ ਮਰੀਜ਼ਾਂ ਦਾ ਇਲਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਪਾਇਆ ਹੋਇਆ ਹੈ

coronavirus

 ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਪਾਇਆ ਹੋਇਆ ਹੈ ਜਿਸ ਕਾਰਨ ਆਏ ਦਿਨ ਕਾਫੀ ਲੋਕ ਇਸ ਦੀ ਚਪੇਟ ਵਿਚ ਆਉਂਣ ਨਾਲ ਆਪਣੀ ਜਾਨ ਗਵਾ ਚੁੱਕੇ ਹਨ ।ਇਸ ਦੌਰਾਨ ਇਟਲੀ ਦੀ ਇਕ ਨਰਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਪੇਸ਼ੇਵਾਰ ਡਾਕਟਰਾਂ ਜੋ ਕਰੋਨਾ ਦੇ ਮਰੀਜ਼ਾਂ ਦੀ ਸੰਭਾਲ ਕਰਦੇ ਹਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦਰਸਾਇਆ ਹੈ।

ਐਲੀਸਿਆ ਬੋਨਰੇ ਨਾਮ ਦੀ ਇਸ ਨਰਸ ਨੇ ਆਪਣੀ ਫੋਟੋ ਵਿਚ ਦੱਸਿਆ ਕਿ ਉਹ ਹਰ ਰੋਜ ਕੰਮ ਤੇ ਜਾਣ ਤੋਂ ਡਰਦੀ ਹੈ ਅਤੇ ਕਈ ਵਾਰ ਤਾਂ ਉਹ ਆਪਣੇ ਕੰਮ  ਤੋਂ ਬਹੁਤ ਥੱਕ ਜਾਂਦੀ ਹੈ। ਐਲੀਸਿਆ ਨੇ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿਚ ਉਸਦੇ ਚਿਹਰੇ ਤੇ ਕਾਫੀ ਦਾਗ ਪਏ ਹੋਏ ਹਨ । ਇਹ ਦਾਗ ਕੰਮ ਕਰਨ ਦੌਰਾਨ ਲਗਾਏ ਗਏ ਮਾਸਕ ਕਾਰਨ ਪੈ ਗਏ ਹਨ ।

ਐਲੀਸਿਆ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਉਹ ਇਸ ਸਮੇਂ ਇਕ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਹੈ। ਨਰਸ ਨੇ ਦੱਸਿਆ ਕਿ ਮੈਂ ਬਹੁਤ ਡਰੀ ਹੋਈ ਹਾਂ ਸ਼ਾਪਿੰਗ ਤੇ ਜਾਣ ਲਈ ਨਹੀ ਬਲਕਿ ਕੰਮ ਤੇ ਜਾਣ ਕਾਰਨ । ਦੱਸ ਦੱਈਏ ਕਿ ਉਹ ਇਸ ਵਿਚ  ਉਨ੍ਹਾਂ ਚੀਜਾਂ ਦਾ ਜ਼ਿਕਰ ਵੀ ਕਰਦੀ ਹੈ ਜਿਸ ਕਾਰਨ ਉਹ ਕੰਮ ਤੇ ਜਾਣਤੋਂ ਡਰਦੀ ਹੈ।

ਐਲੀਸਿਆ ਨੇ ਲਿਖਿਆ ਕਿ ਮੈਂ ਇਸ ਕਰਕੇ ਡਰਦੀ ਹਾਂ ਕਿਉਕਿ ਮਾਸਕ ਚਿਹਰੇ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ ਜਾਂ ਫਿਰ ਜੇ ਮੈਂ ਆਪਣੇ ਆਪ ਨੂੰ ਗੰਦੇ ਦਸਤਾਨਿਆਂ ਨਾਲ ਛੂਹ ਲਿਆ ਜਾਂ ਲੈਂਜ ਪੂਰੀ ਤਰ੍ਹਾਂ ਮੇਰੀਆਂ ਅੱਖਾਂ ਨੂੰ ਕਵਰ ਨਾ ਕਰਦਾ ਹੋਵੇ। ਅੱਗੇ ਲਿਖਦੇ ਹੋਏ ਉਸ ਨੇ ਦੱਸਿਆ ਕਿ ਮੈਂ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਥੱਕ ਗਈ ਹਾਂ ਕਿਉਕਿ ਇਥੇ ਜੋ ਸੁਰੱਖਿਆ ਕਰਨ ਵਾਲੇ ਉਪਕਰਨ ਹਨ ਉਹ ਵਧੀਆ ਨਹੀਂ ਹਨ।

ਉਸ ਨੇ ਆਪਣੇ ਕੱਪੜਿਆਂ ਬਾਰੇ ਜਿਕਰ ਕਰਦੇ ਹੋਏ ਲਿਖਿਆ ਕਿ ਮੈਂ ਉਸ ਲੈਬ ਸੂਟ ਵਿਚ ਬਹੁਤ ਗਰਮੀ ਮਹਿਸੂਸ ਕਰਦੀ ਹਾਂ ਕਿਉਕਿ ਉਸ ਨੂੰ ਇਕ ਵਾਰ ਪਾਉਂਣ ਤੋਂ ਬਾਅਦ ਮੈਂ 6 ਘੰਟੇ ਤੱਕ ਨਾ ਹੀ ਬਾਥਰੂਮ ਜਾ ਸਕਦੀ ਹਾਂ ਅਤੇ ਨਾ ਹੀ ਪਾਣੀ ਪੀ ਸਕਦੀ ਹਾਂ ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਅਸੀਂ ਕੰਮ ਤੇ ਚਲੇ ਜਾਂਦੇ ਹਾਂ । ਉਸ ਨੇ ਕਿਹਾ ਕਿ ਮੈਂ ਮਰੀਜ਼ਾਂ ਦੀ ਦੇਖਭਾਲ ਕਰਾਂਗੀ ਕਿਉਕਿ ਮੈਨੂੰ ਮੇਰੀ ਨੋਕਰੀ ਪਸੰਦ ਹੈ।

ਅੰਤ ਵਿਚ ਉਸ ਨੇ ਲਿਖਿਆ ਕਿ ਇਸ ਮੁਸੀਬਤ ਦੇ ਸਮੇਂ ਵਿਚ ਮੈਂ ਆਪਣੇ ਆਪ ਨੂੰ ਘਰ ਵਿਚ ਬੰਦ ਨਹੀਂ ਕਰ ਸਕਦੀ  । ਮੈਂ ਉਸੇ ਤਰ੍ਹਾਂ ਕੰਮ ਤੇ ਜਾਵਾਂਗੀ ਅਤੇ ਮਰੀਜ਼ਾਂ ਦੀ ਦੇਖਭਾਲ ਕਰਾਂਗੀ ।ਦੱਸ ਦੱਈਏ ਕਿ ਐਲੀਸਿਆ ਦੀ ਇਸ ਪੋਸਟ ਨੂੰ ਹੁਣ ਤੱਕ 70 ਲੱਖ ਤੋਂ ਵੀ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸਦੇ ਨਾਲ ਹੀ ਲੋਕਾਂ ਨੇ ਐਲੀਸਿਆ ਦੇ ਨਾਲ-ਨਾਲ ਹੋ ਵੀ ਉਨ੍ਹਾਂ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਨੂੰ ਜ਼ੋਖਿਮ ਵਿਚ ਪਾ ਕੇ ਕਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਲੱਗੇ ਹੋਏ ਹਨ।