ਰੇਲਵੇ ਦੇ ਨਿੱਜੀਕਰਨ ਦਾ ਕੋਈ ਸਵਾਲ ਨਹੀਂ, ਸਭ ਗੱਲਾਂ ਕਾਲਪਨਿਕ ਹਨ: ਕੇਂਦਰੀ ਰੇਲ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਪੱਸ਼ਟ ਕੀਤਾ ਹੈ ਕਿ ਰੇਲਵੇ ਦੇ ਨਿੱਜੀਕਰਨ ਦਾ ਕੋਈ ਸਵਾਲ ਹੀ ਨਹੀਂ ਹੈ ਅਤੇ ਇਸ ਬਾਰੇ ਸਾਰੀਆਂ ਗੱਲਾਂ ਕਾਲਪਨਿਕ ਹਨ

Ashwini Vaishnaw



ਨਵੀਂ ਦਿੱਲੀ: ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਪੱਸ਼ਟ ਕੀਤਾ ਹੈ ਕਿ ਰੇਲਵੇ ਦੇ ਨਿੱਜੀਕਰਨ  ਦਾ ਕੋਈ ਸਵਾਲ ਹੀ ਨਹੀਂ ਹੈ ਅਤੇ ਇਸ ਬਾਰੇ ਸਾਰੀਆਂ ਗੱਲਾਂ ਕਾਲਪਨਿਕ ਹਨ। ਉਹਨਾਂ ਨੇ ਕਿਹਾ ਹੈ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਹੋ ਸਕਦਾ ਹੈ ਕਿਉਂਕਿ ਪਟੜੀਆਂ ਰੇਲਵੇ ਦੀਆਂ ਹਨ, ਇੰਜਣ ਰੇਲਵੇ ਦੇ ਹਨ, ਸਟੇਸ਼ਨ ਅਤੇ ਬਿਜਲੀ ਦੀ ਤਾਰਾਂ ਰੇਲਵੇ ਦੀਆਂ ਹਨ। ਇਸ ਤੋਂ ਇਲਾਵਾ ਡੱਬੇ ਅਤੇ ਸਿਗਨਲ ਪ੍ਰਣਾਲੀ ਵੀ ਰੇਲਵੇ ਦੀ ਹੀ ਹੈ।

Ashwini Vaishnaw

ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਿਊਸ਼ ਗੋਇਲ ਵੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਹੋ ਸਕਦਾ। ਉਹਨਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਾਲ ਗੱਡੀਆਂ ਦਾ ਵੀ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ। ਰੇਲ ਮੰਤਰੀ ਨੇ ਕਿਹਾ ਹੈ ਕਿ, “ਸਰਕਾਰ ਦੀ ਨਜ਼ਰ ਵਿਚ ‘ਰਾਜਨੀਤਕ ਖੇਤਰ’ ਦੇ ਰੂਪ ਵਿਚ ਰੇਲਵੇ ਦੀ ਸਮਾਜਿਕ ਜਵਾਬਦੇਹੀ ਹੈ। ਇਸ ਦਾ ਹੁਣ ਤੱਕ ਪਾਲਣ ਕੀਤਾ ਗਿਆ ਹੈ ਅਤੇ ਅੱਗੇ ਵੀ ਪਾਲਣ ਕੀਤਾ ਜਾਵੇਗਾ”।

Railway

ਦੱਸ ਦੇਈਏ ਕਿ ਇਸ ਵਿਸ਼ੇ ’ਤੇ ਚਰਚਾ ਦੌਰਾਨ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਸਰਕਾਰ ’ਤੇ ਰੇਲਵੇ ਦੇ ਨਿਜੀਕਰਨ ਵੱਲ ਕਦਮ ਵਧਾਉਣ ਅਤੇ ਮੁਨਾਫ਼ਾ ਕਮਾਉਣ ਦੇ ਦੋਸ਼ ਲਗਾਉਂਦੇ ਹੋਏ ਲੋਕ ਸਭਾ ਵਿਚ ਕਿਹਾ ਕਿ ਸਰਕਾਰ ਵੱਲੋਂ ਰੇਲਵੇ ਆਧੁਨਿਕੀਕਰਨ ਦੀ ਗੱਲ ਸਿਰਫ ‘ਗਲਤ ਪ੍ਰਚਾਰ’ ਹੈ। ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਦੀ ਸਮਾਜਿਕ ਜਵਾਬਦੇਹੀ ’ਤੇ ਧਿਆਨ ਦਿਓ ਫਿਰ ਸਪਸ਼ਟ ਹੋਵੇਗਾ ਕਿ ਅਸੀਂ 60 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇ ਰਹੇ ਹਾਂ।

Railway

ਵੈਸ਼ਨਵ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੇਦੀ ਦਾ ਜੀਵਨ ਰੇਲ ਦੇ ਨਾਲ ਜੁੜਿਆ ਰਿਹਾ ਹੈ। ਉਹ ਰੇਲਵੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ।  ਰੇਲ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਰੇਲਵੇ ਵਿਚ ਨਿਵੇਸ਼ ਦੀ ਕਮੀ ਅਤੇ ਨਜ਼ਰੀਏ ਵਿਚ ਦਿਸ਼ਾਹੀਣਤਾ ਸੀ। ਸਰਕਾਰ ਦੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਰੇਲ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਫਾਈ ਵੱਲ ਧਿਆਨ ਦਿੱਤਾ ਗਿਆ।  ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੇਲਵੇ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਬਹੁਤ ਵੱਡੇ ਪੱਧਰ ’ਤੇ ਬਦਲਾਅ ਹੋਇਆ ਹੈ।