ਵਿਰੋਧੀ ਧਿਰ ਦਿਸ਼ਾਹੀਣ ਅਤੇ ਮੁੱਦੇ ਰਹਿਤ, ਵਾਪਸੀ ਦਾ ਪੂਰਾ ਭਰੋਸਾ: ਮੋਦੀ
ਕਿਹਾ, ਭਾਜਪਾ ਅਤੇ ਐਨ.ਡੀ.ਏ. ਚੋਣਾਂ ਲਈ ਪੂਰੀ ਤਰ੍ਹਾਂ ਤਿਆਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਵਿਰੋਧੀ ਧਿਰ ਨੂੰ ਦਿਸ਼ਾਹੀਣ ਅਤੇ ‘ਮੁੱਦੇ ਰਹਿਤ’ ਕਰਾਰ ਦਿਤਾ ਅਤੇ ਸੱਤਾ ’ਚ ਬਣੇ ਰਹਿਣ ਦਾ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲਾ ਐਨ.ਡੀ.ਏ. ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਤੁਰਤ ਬਾਅਦ ਪ੍ਰਧਾਨ ਮੰਤਰੀ ਨੇ ‘ਐਕਸ’ ਪੋਸਟਾਂ ਦੀ ਲੜੀ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਆਖਰੀ 10 ਸਾਲ ਪਿਛਲੀਆਂ ਸਰਕਾਰਾਂ ਵਲੋਂ ਪੈਦਾ ਕੀਤੇ ਗਏ ‘ਡੂੰਘੇ ਪਾੜੇ’ ਨੂੰ ਭਰਨ ਵਿਚ ਬਿਤਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਤੀਜੇ ਕਾਰਜਕਾਲ ’ਚ ਗਰੀਬੀ ਅਤੇ ਭ੍ਰਿਸ਼ਟਾਚਾਰ ਵਿਰੁਧ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਮਾਜਕ ਨਿਆਂ ਲਈ ਯਤਨਾਂ ’ਚ ਵਾਧਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਭਾਜਪਾ ਅਤੇ ਐਨ.ਡੀ.ਏ. ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਚੰਗੇ ਸ਼ਾਸਨ ਅਤੇ ਜਨਤਕ ਸੇਵਾ ਦੇ ਅਪਣੇ ਟਰੈਕ ਰੀਕਾਰਡ ਦੇ ਆਧਾਰ ’ਤੇ ਅਸੀਂ ਲੋਕਾਂ ਤਕ ਪਹੁੰਚ ਕਰਾਂਗੇ। ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਲਗਾਤਾਰ ਤੀਜੀ ਵਾਰ 96 ਕਰੋੜ ਤੋਂ ਵੱਧ ਵੋਟਰਾਂ ਅਤੇ 140 ਕਰੋੜ ਪਰਵਾਰਕ ਮੈਂਬਰਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲੇਗਾ।’’
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ 10 ਸਾਲ ਪਹਿਲਾਂ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਦੇਸ਼ ਅਤੇ ਦੇਸ਼ ਵਾਸੀ ‘ਇੰਡੀ’ ਗੱਠਜੋੜ ਦੇ ਕੁਸ਼ਾਸਨ ਤੋਂ ਪੀੜਤ ਸਨ। ਉਨ੍ਹਾਂ ਕਿਹਾ, ‘‘ਅਜਿਹਾ ਕੋਈ ਖੇਤਰ ਨਹੀਂ ਬਚਿਆ ਸੀ ਜੋ ਘਪਲਿਆਂ ਅਤੇ ਨੀਤੀਗਤ ਅਧਰੰਗ ਤੋਂ ਅਛੂਤਾ ਰਿਹਾ ਹੋਵੇ। ਦੇਸ਼ ਨਿਰਾਸ਼ਾ ਦੇ ਖੱਡੇ ’ਚ ਸੀ ਅਤੇ ਦੁਨੀਆਂ ਨੇ ਵੀ ਭਾਰਤ ’ਤੇ ਭਰੋਸਾ ਕਰਨਾ ਬੰਦ ਕਰ ਦਿਤਾ ਸੀ। ਅਸੀਂ ਦੇਸ਼ ਨੂੰ ਉਸ ਸਥਿਤੀ ਤੋਂ ਬਾਹਰ ਕਢਿਆ ਅਤੇ ਅੱਜ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’’