ਦਿੱਲੀ ਗੁਰਦਵਾਰਾ ਚੋਣਾਂ ਵਿਚ ਵੋਟਿੰਗ ਰਹਿ ਸਕਦੀ ਹੈ 20 ਫ਼ੀ ਸਦੀ ਤੋਂ ਵੀ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਮੀਦਵਾਰਾਂ ਨੇ ਰੱਦ ਕੀਤੇ ਦੌਰੇ  

Gurudwara Bangla Sahib

ਨਵੀਂ ਦਿੱਲੀ (ਅਮਨਦੀਪ ਸਿੰਘ) ਦਿੱਲੀ ਗੁਰਦਵਾਰਾ ਕਮੇਟੀ ਦੀਆਂ 25 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ’ਤੇ ਵੀ ਕੋਰੋਨਾ ਦਾ ਸਾਇਆ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਭਾਵੇਂ ਕਿ ਬੀਤੇ ਦਿਨ ਦਿੱਲੀ ਹਾਈ ਕੋਰਟ ਦੇ ਜਸਟਿਸ ਰਾਜੀਵ ਸਾਹਏ ਐਂਡਲਾ ਅਤੇ ਜਸਟਿਸ ਅਮਿਤ ਬੰਸਲ ਦੀ ਦੋਹਰੀ ਬੈਂਚ ਨੇ ਦਿੱਲੀ ਵਿਚ 15 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਹੋ ਜਾਣ ਕਰ ਕੇ ਦਿੱਲੀ ਗੁਰਦਵਾਰਾ ਚੋਣਾਂ ’ਤੇ ਰੋਕ ਲਾਉਣ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿਤਾ ਕਿ ਸਰਕਾਰ ਕੋਰੋਨਾ ਤੋਂ ਬਚਾਅ ਲਈ ਲੋੜੀਂਦੇ ਕਦਮ ਪੁੱਟ ਰਹੀ ਹੈ। ਪਰ ਡਰ ਦੇ ਮਾਹੌਲ ਕਰ ਕੇ ਵੋਟਿੰਗ ਇਸ ਵਾਰ ਬਹੁਤ ਘੱਟ ਰਹਿਣ ਦੇ ਆਸਾਰ ਬਣ ਰਹੇ ਹਨ।  

ਦਿੱਲੀ ਦੇ ਸਿੱਖਾਂ ਦੀ ਤਕਰੀਬਨ 7 ਲੱਖ ਤੋਂ ਵੱਧ ਦੀ ਆਬਾਦੀ ਵਿਚੋਂ ਇਸ ਵਾਰ ਸਿਰਫ਼ 3 ਲੱਖ 42 ਹਜ਼ਾਰ 65 ਹੀ ਰਜਿਸਟਰ ਸਿੱਖ ਵੋਟਰ ਹਨ।  14 ਅਪ੍ਰੈਲ ਨੂੰ ਦਿੱਲੀ ਵਿਚ ਇਕਦਮ ਕੋਰੋਨਾ ਦੇ 17 ਹਜ਼ਾਰ 282 ਨਵੇਂ ਮਾਮਲੇ ਸਾਹਮਣੇ ਆਉਣ ਤੇ 104 ਮੌਤਾਂ ਹੋਣ ਜਾਣ  ਪਿਛੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 25 ਅਪ੍ਰੈਲ ਨੂੰ 20 ਫ਼ੀ ਸਦੀ ਤੋਂ ਵੀ ਘੱਟ ਵੋਟਿੰਗ ਹੋ ਸਕਦੀ ਹੈ।  

ਜਦਕਿ ਆਮ ਹਾਲਤਾਂ ਵਿਚ 4 ਸਾਲ ਪਹਿਲਾਂ 26 ਫ਼ਰਵਰੀ 2017 ਨੂੰ ਹੋਈਆਂ  ਦਿੱਲੀ ਗੁਰਦਵਾਰਾ ਚੋੋਣਾਂ ਵਿਚ ਕੁਲ 3 ਲੱਖ 80 ਹਜ਼ਾਰ ਤੇ 755  ਸਿੱਖ ਵੋਟਰ ਸਨ ਅਤੇ 45.77 ਫ਼ੀ ਸਦੀ ਪੋਲਿੰਗ ਹੋਈ ਸੀ। ਉਸ ਤੋਂ ਪਹਿਲਾਂ 27 ਜਨਵਰੀ 2013 ਨੂੰ ਹੋਈਆਂ ਚੋਣਾਂ ਦੌਰਾਨ ਕੁਲ  4 ਲੱਖ, 15 ਹਜ਼ਾਰ 621 ਸਿੱਖ ਵੋਟਰ ਸਨ ਅਤੇ ਉਦੋਂ 42.37 ਫ਼ੀ ਸਦੀ ਵੋਟਿੰਗ ਹੋਈ ਸੀ।