ਸਮਾਜ ਵਿਚ ਨਫ਼ਰਤ ਅਤੇ ਹਿੰਸਾ ਨੂੰ ਲੈ ਕੇ ਵਿਰੋਧੀਆਂ ਦਾ ਸਾਂਝਾ ਵਾਰ, 'PM ਮੋਦੀ ਖਾਮੋਸ਼ ਕਿਉਂ?'
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਟੀਐਮਸੀ ਮੁਖੀ ਮਮਤਾ ਬੈਨਰਜੀ ਅਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੀ ਬਿਆਨ ’ਤੇ ਦਸਤਖ਼ਤ ਕੀਤੇ ਹਨ।
ਨਵੀਂ ਦਿੱਲੀ: ਦੇਸ਼ 'ਚ ਹਿਜਾਬ, ਮੀਟ, ਮਸਜਿਦਾਂ ਵਿਚ ਅਜ਼ਾਨ ਨੂੰ ਲੈ ਕੇ ਜਾਰੀ ਵਿਵਾਦ ਵਿਚਾਲੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਇਕ ਸਾਂਝੇ ਬਿਆਨ ਰਾਹੀਂ ਸੱਤਾਧਾਰੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ 13 ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਧਰੁਵੀਕਰਨ ਲਈ ਭੋਜਨ ਅਤੇ ਧਾਰਮਿਕ ਮਾਨਤਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਟੀਐਮਸੀ ਮੁਖੀ ਮਮਤਾ ਬੈਨਰਜੀ ਅਤੇ ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੀ ਬਿਆਨ ’ਤੇ ਦਸਤਖ਼ਤ ਕੀਤੇ ਹਨ। ਇਸ ਰਾਹੀਂ ਹਾਲ ਹੀ ਵਿਚ ਹੋਈ ਫਿਰਕੂ ਹਿੰਸਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।
Sonia Gandhi
ਬਿਆਨ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਧਾਰਮਿਕ ਲੀਹਾਂ 'ਤੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਨਾਪਾਕ ਉਦੇਸ਼ਾਂ ਨੂੰ ਨਾਕਾਮ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਬਿਆਨ ਵਿਚ ਕਿਹਾ ਗਿਆ ਕਿ ਸਮਾਜ ਵਿਚ ਨਫ਼ਰਤ ਫੈਲਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਪੀਐਮ ਮੋਦੀ ਦੀ ਚੁੱਪੀ ਹੈਰਾਨੀਜਨਕ ਹੈ। ਸਾਂਝਾ ਬਿਆਨ ਜਾਰੀ ਕਰਕੇ ਇਹਨਾਂ ਪਾਰਟੀਆਂ ਨੇ ਦੇਸ਼ ਦੇ ਕਈ ਖੇਤਰਾਂ ਵਿਚ ਫ਼ਿਰਕੂ ਹਿੰਸਾ ਅਤੇ ਨਫ਼ਰਤ ਭਰੇ ਭਾਸ਼ਣਾਂ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਇਸ ਸਾਂਝੇ ਬਿਆਨ 'ਤੇ ਦਸਤਖ਼ਤ ਕੀਤੇ ਹਨ।
Mamata Banerjee
ਇਸ ਵਿਚ ਕਿਹਾ ਗਿਆ ਹੈ ਕਿ ਸਮਾਜ ਵਿਚ ਧਰੁਵੀਕਰਨ ਨੂੰ ਹੱਲਾਸ਼ੇਰੀ ਦੇਣ ਲਈ ਹਾਕਮ ਜਮਾਤ ਵੱਲੋਂ ਖਾਣ-ਪੀਣ, ਪਹਿਰਾਵੇ (ਹਿਜਾਬ), ਧਾਰਮਿਕ ਮਾਨਤਾਵਾਂ, ਤਿਉਹਾਰਾਂ ਅਤੇ ਭਾਸ਼ਾ ਦੀ ਜਿਸ ਤਰ੍ਹਾਂ ਵਰਤੋਂ ਕੀਤੀ ਜਾ ਰਹੀ ਹੈ, ਉਹ ਚਿੰਤਾਜਨਕ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਦੀ ਚੁੱਪੀ ਵੀ ਚਿੰਤਾਜਨਕ ਹੈ, ਜੋ ਅਜਿਹੇ ਨਫ਼ਰਤ ਭਰੇ ਮਾਹੌਲ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਵਿਰੁੱਧ ਇਕ ਵੀ ਸ਼ਬਦ ਬੋਲਣ ਵਿਚ ਅਸਫਲ ਰਹੇ ਹਨ। ਉਹਨਾਂ ਦੇ ਬਿਆਨ ਜਾਂ ਕਾਰਵਾਈਆਂ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ, ਜਿਸ ਵਿਚ ਅਜਿਹੀ ਹਿੰਸਾ ਫੈਲਾਉਣ ਵਾਲੇ ਲੋਕਾਂ ਜਾਂ ਸੰਸਥਾਵਾਂ ਦੀ ਨਿੰਦਾ ਕੀਤੀ ਗਈ ਹੋਵੇ।
PM Modi
ਇਹਨਾਂ ਪਾਰਟੀਆਂ ਨੇ ਸਮਾਜਿਕ ਸਦਭਾਵਨਾ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਹਾ, "ਅਸੀਂ ਅਜਿਹੀ ਨਫ਼ਰਤ ਵਾਲੀ ਵਿਚਾਰਧਾਰਾ ਦਾ ਸਾਹਮਣਾ ਕਰਨ ਅਤੇ ਲੜਨ ਲਈ ਇੱਕਜੁੱਟ ਹਾਂ, ਇਹ ਸੋਚ ਸਮਾਜ ਵਿਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।" ਜ਼ਿਕਰਯੋਗ ਹੈ ਕਿ ਰਾਮਨੌਮੀ ਦੇ ਦਿਨ ਦੇਸ਼ ਦੇ ਕਈ ਸੂਬਿਆਂ ਜਿਵੇਂ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ 'ਚ ਹਿੰਸਾ ਦੇਖਣ ਨੂੰ ਮਿਲੀ। ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਅਤੇ ਗੁਜਰਾਤ ਦੇ ਖੰਭਾਟ ਵਿਚ ਹਿੰਸਾ ਤੋਂ ਬਾਅਦ ਸੈਂਕੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
Hijab Controversy
ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚ ਮਸਜਿਦਾਂ ਵਿਚ ਲਾਊਡ ਸਪੀਕਰਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਭਾਜਪਾ ਆਦਿ ਪਾਰਟੀਆਂ ਮਸਜਿਦਾਂ ਵਿਚ ਲਾਊਡ ਸਪੀਕਰਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਵਿਰੋਧ ਵਿਚ ਲਾਊਡਸਪੀਕਰਾਂ ਉੱਤੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੀਆਂ ਹਨ। ਅਲੀਗੜ੍ਹ, ਵਾਰਾਣਸੀ ਵਰਗੇ ਕੁਝ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਲਾਊਡਸਪੀਕਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਸ਼ ਵਿਚ ਹਿਜਾਬ ਦਾ ਮੁੱਦਾ ਵੀ ਗਰਮਾਇਆ ਰਿਹਾ।