ਅੱਜ ਪਹਿਲੀ ਗਰੰਟੀ ਪੂਰੀ ਕੀਤੀ, ਬਾਕੀ ਵੀ ਜਲਦ ਪੂਰੀਆਂ ਕਰਾਂਗੇ- ਅਰਵਿੰਦ ਕੇਜਰੀਵਾਲ
ਕਿਹਾ- ਜਦੋਂ ਅਸੀਂ ਇਹ ਗਰੰਟੀ ਦਿੱਤੀ ਸੀ ਤਾਂ ਲੋਕ ਕਹਿੰਦੇ ਸਨ ਕਿ ਖ਼ਜ਼ਾਨਾ ਖਾਲੀ ਹੈ ਪਰ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ 1 ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਸ਼ਾਨਦਾਰ ਐਲਾਨ ਕੀਤਾ ਹੈ। ਲੋਕ ਬਹੁਤ ਖੁਸ਼ ਹਨ, ਮੈਨੂੰ ਬਹੁਤ ਸਾਰੇ ਫੋਨ ਆ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਅਸੀਂ ਇਹ ਗਰੰਟੀ ਦਿੱਤੀ ਸੀ ਤਾਂ ਲੋਕ ਕਹਿੰਦੇ ਸਨ ਕਿ ਖ਼ਜ਼ਾਨਾ ਖਾਲੀ ਹੈ ਪਰ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਪਹਿਲੀ ਗਰੰਟੀ ਅੱਜ ਪੂਰੀ ਕੀਤੀ ਹੈ, ਬਾਕੀ ਗਰੰਟੀਆਂ ਵੀ ਪੂਰੀਆਂ ਕਰਾਂਗੇ।
Arvind Kejriwal
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਨੇ ਖ਼ਜ਼ਾਨਾ ਖਾਲੀ ਕਰ ਦਿੱਤਾ ਹੈ, ਸਾਡੀ ਨੀਅਤ ਸਾਫ਼ ਹੈ। ਅਸੀਂ ਪਹਿਲੇ ਮਹੀਨੇ ਹੀ ਪਾਈ-ਪਾਈ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਅਸੀਂ ਪੈਸੇ ਨਹੀਂ ਖਾਂਦੇ ਨਾ ਹੀ ਭ੍ਰਿਸ਼ਟਾਚਾਰ ਕਰਦੇ ਹਾਂ। ਜਦੋਂ ਸਾਡੀ ਸਰਕਾਰ ਬਣੀ ਤਾਂ ਮਾਫੀਆ ਨੇ ਸਾਡੇ ਕੋਲ ਪਹੁੰਚ ਕੀਤੀ ਕਿ ਇਹ ਕੀ ਸਿਸਟਮ ਹੈ? ਅਸੀਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰੋ, ਨਹੀਂ ਤਾਂ ਜੇਲ ਭੇਜ ਦੇਵਾਂਗੇ। ਤੁਸੀਂ ਦੇਖੋ ਇਕ ਮਹੀਨੇ ਦੇ ਅੰਦਰ ਤੁਹਾਡੀ ਬਿਜਲੀ ਮੁਫਤ ਹੋ ਗਈ ਹੈ, ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ।
Arvind Kejriwal and CM Bhagwant Mann
ਉਹਨਾਂ ਕਿਹਾ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਹੋ ਸਕਦੇ ਹਨ। ਅੱਜ ਤੱਕ ਕਿਸੇ ਪਾਰਟੀ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਕਦੀ ਪੂਰਾ ਨਹੀਂ ਕੀਤਾ। ਮੈਨੂੰ ਉਮੀਦ ਸੀ ਕਿ ਵਿਰੋਧੀ ਧਿਰ ਦੇ ਲੋਕ ਇਸ ਫੈਸਲੇ ਦਾ ਸਵਾਗਤ ਕਰਨਗੇ ਪਰ ਉਹ ਵਿਰੋਧ ਕਰ ਰਹੇ ਹਨ। ਅਸੀਂ ਪੜ੍ਹੇ-ਲਿਖੇ, ਕੱਟੜ ਇਮਾਨਦਾਰ ਲੋਕ ਹਾਂ, ਅਸੀਂ ਇਸ ਸਿਸਟਮ ਨੂੰ ਬਦਲਣ ਜਾ ਰਹੇ ਹਾਂ, ਅਸੀਂ ਕੱਲ੍ਹ ਜਿਉਂਦੇ ਰਹੀਏ ਜਾਂ ਨਾ ਰਹੀਏ ਪਰ ਇਹ ਸਿਸਟਮ ਠੀਕ ਹੋਣਾ ਚਾਹੀਦਾ ਹੈ।