ਹਰਿਆਣਾ ਰੋਡਵੇਜ਼ ਦੀ ਬੱਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਮਨੂ ਭਾਕਰ
ਮਨੂ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਸਨਿਚਰਵਾਰ ਨੂੰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬੱਚ ਗਈ, ਕਿਉਂਕਿ ਤੇਜ਼ ਰਫ਼ਤਾਰ ਬੱਸ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਮਨੂ ਆਪਣੇ ਪਰਵਾਰ ਨਾਲ ਨਵੀਂ ਦਿੱਲੀ 'ਚ ਕੌਮੀ ਸ਼ੂਟਿੰਗ ਕੈਂਪ ਵਿਚ ਹਿੱਸਾ ਲੈਣ ਮਗਰੋਂ ਘਰ ਪਰਤ ਰਹੀ ਸੀ। 17 ਸਾਲਾ ਮਨੂ ਨੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੁਝ ਅਖ਼ਬਾਰ ਸੰਗਠਨਾਂ ਨੂੰ ਟੈਗ ਕਰਦਿਆਂ ਕਾਰ ਨੂੰ ਹੋਏ ਨੁਕਸਾਨ ਦੀ ਇਕ ਤਸਵੀਰ ਟਵੀਟ ਕੀਤੀ।
ਮਨੂ ਨੇ ਟਵੀਟ ਕਰਦਿਆਂ ਕਿਹਾ, "ਹਰਿਆਣਾ ਰੋਡਵੇਜ਼ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਤੇਜ਼ ਰਫ਼ਤਾਰ ਨਾਲ ਡਰਾਈਵਿੰਗ ਕਰਨਾ, ਬਹੁਤ ਅੱਗੇ ਨਿਕਲ ਜਾਣਾ। ਦਾਦਰੀ ਡਿਪੋ। ਬੱਸ ਨੰਬਰ 5483, ਡਰਾਈਵਰ ਦਾ ਨਾਂ ਮੋਹਨ। ਡਰਾਈਵਰ ਨੰਬਰ 222। ਉਸ ਨੇ ਕਿਹਾ ਕਿ ਉਸ ਨੂੰ ਚੰਡੀਗੜ੍ਹ ਪਹੁੰਚਣਾ ਹੈ ਅਤੇ ਉਹ ਇੰਤਜ਼ਾਰ ਨਹੀਂ ਕਰ ਸਕਦਾ।"
ਮਨੂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਡਿਪੋ ਡੀਐਮ ਧਨਰਾਜ ਕੁੰਡੂ ਨੂੰ ਵੀ ਕੀਤੀ ਹੈ। ਜੀਐਮ ਨੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੀਐਮ ਦਾ ਕਹਿਣਾ ਹੈ ਕਿ ਜੇ ਰੋਡਵੇਜ਼ ਡਰਾਈਵਰ ਵੱਲੋਂ ਇਸ ਮਾਮਲੇ 'ਚ ਲਾਪਰਵਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਧਰ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਦੁਪਹਿਰ 3:45 ਵਜੇ ਉਹ ਦਾਦਰੀ ਬੱਸ ਅੱਡੇ ਤੋਂ ਦਿੱਲੀ ਲਈ ਚੱਲਿਆ ਸੀ। ਲਗਭਗ 4:15 ਵਜੇ ਜਦੋਂ ਮੋਰਵਾਲਾ ਤੋਂ ਨਿਕਲ ਕੇ ਇਮਲੋਟਾ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫ਼ਤਾਰ ਗੱਡੀ ਦੂਜੀ ਗੱਡੀ ਨੂੰ ਓਵਰਟੇਕ ਕਰਦੇ ਨਜ਼ਰ ਆਈ। ਇਸ ਦੇ ਚਲਦਿਆਂ ਉਸ ਨੂੰ ਬਰੇਕ ਲਗਾਉਣੀ ਪਈ। ਉਸ ਦੀ ਬੱਸ ਦੇ ਨਾਲ ਚੱਲ ਰਹੀ ਵੈਗਨ ਆਰ ਗੱਡੀ ਨੇ ਇਕੋ ਦਮ ਸਾਈਡ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗੱਡੀ ਬੱਸ ਨਾਲ ਭਿੜ ਗਈ।