ਨਹਿਰੂ ਸਮਾਰਕ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ ਦਾ ਨਾਂ ਬਦਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਕਿਹਾ ਜਾਵੇਗਾ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ

Nehru Memorial Museum and Library Society renamed


ਨਵੀਂ ਦਿੱਲੀ: ਦਿੱਲੀ ਦੇ ਤੀਨ ਮੂਰਤੀ ਭਵਨ ’ਚ ਸਥਿਤ ਨਹਿਰੂ ਸਮਾਰਕ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ (ਐਨ.ਐਮ.ਐਮ.ਐਲ.) ਦਾ ਨਾਂ ਬਦਲ ਕੇ ‘ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ’ ਕਰ ਦਿਤਾ ਗਿਆ ਹੈ। ਕਾਂਗਰਸ ਨੇ ਇਸ ਬਦਲਾਅ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ।
ਤੀਨ ਮੂਰਤੀ ਭਵਨ ’ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰੀ ਰਿਹਾਇਸ਼ ਸੀ।

ਸਭਿਆਚਾਰ ਮੰਤਰਾਲੇ ਨੇ ਕਿਹਾ ਕਿ ਐਨ.ਐਮ.ਐਮ.ਐਲ. ਦੀ ਇਕ ਵਿਸ਼ੇਸ਼ ਬੈਠਕ ’ਚ ਇਸ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਉਸ ਨੇ ਦਸਿਆ ਕਿ ਸੁਸਾਇਟੀ ਦੇ ਮੀਤ ਪ੍ਰਧਾਨ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਮੋਟੇ ਅਨਾਜ ਦੇ ਫ਼ਾਇਦਿਆਂ 'ਤੇ ਗ੍ਰੈਮੀ ਵਿਜੇਤਾ ਫਾਲੂ ਨਾਲ ਮਿਲ ਕੇ ਲਿਖਿਆ ਗੀਤ

ਬਿਆਨ ’ਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਨੇ ਬੈਠਕ ਨੂੰ ਸੰਬੋਧਤ ਕਰਦਿਆਂ ‘ਨਾਂ ’ਚ ਬਦਲਾਅ ਤੇ ਮਤੇ ਦਾ ਸਵਾਗਤ’ ਕੀਤਾ ਕਿਉਂਕਿ ਅਪਣੇ ਨਵੇਂ ਸਰੂਪ ’ਚ ਇਹ ਸੰਸਥਾਨ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤਕ ਸਾਰੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਸਾਹਮਣੇ ਆਈਆਂ ਵੱਖੋ-ਵੱਖ ਚੁਨੌਤੀਆਂ ਦੌਰਾਨ ਉਨ੍ਹਾਂ ਦੀ ਪ੍ਰਤੀਕਿਰਿਆਵਾਂ ਨੂੰ ਦਰਸਾਉਂਦਾ ਹੈ।

ਜਦਕਿ ਕਾਂਗਰਸ ਦੇ ਪ੍ਰਮੁੱਖ ਬੁਲਾਰੇ ਜੈਰਾਮ ਰਮੇਸ਼ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਟਵੀਟ ਕੀਤਾ, ‘‘ਤੰਗ ਸੋਚ ਅਤੇ ਬਦਲੇ ਦਾ ਦੂਜਾ ਨਾਂ ਮੋਦੀ ਹੈ। ਨਹਿਰੂ ਸਮਾਰਕ ਅਜਾਇਬ ਘਰ ਅਤੇ ਲਾਇਬ੍ਰੇਰੀ 59 ਸਾਲਾਂ ਤੋਂ ਵੱਧ ਸਮੇਂ ਤੋਂ ਇਕ ਕੌਮਾਂਤਰੀ ਬੌਧਿਕ ਇਤਿਹਾਸਕ ਥਾਂ ਅਤੇ ਪੁਸਤਕਾਂ ਤੇ ਯਾਦਗਾਰਾਂ ਦਾ ਖ਼ਜ਼ਾਨਾ ਰਿਹਾ ਹੈ। ਹੁਣ ਇਸ ਨੂੰ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਸੁਸਾਇਟੀ ਕਿਹਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਸ਼ਿਲਪਕਾਰ ਦੇ ਨਾਂ ਅਤੇ ਵਿਰਾਸਤ ਨੂੰ ਤੋੜਨ-ਮਰੋੜਨ, ਨੀਵਾਂ ਵਿਖਾਉਣ ਅਤੇ ਨਸ਼ਟ ਕਰਨ ਲਈ ਕੀ ਨਹੀਂ ਕਰਨਗੇ? ਅਪਣੀ ਅਸੁਰਖਿਆ ਦੇ ਬੋਝ ਹੇਠਾਂ ਦਬੇ ਇਕ ਛੋਟੇ ਕੱਦ ਦਾ ਵਿਅਕਤੀ ਆਪ ਐਲਾਨਿਆ ਵਿਸ਼ਵ ਗੁਰੂ ਬਣਿਆ ਫਿਰ ਰਿਹਾ ਹੈ।’’