ਮੱਧ ਪ੍ਰਦੇਸ਼: ਪੁਲਿਸ ਨੇ ਗਿਰਜਾ ਘਰਾਂ ਨੂੰ ਜਾਰੀ ਕੀਤਾ ਧਰਮ ਤਬਦੀਲੀ ਦਾ ਵੇਰਵਾ ਮੰਗਣ ਵਾਲਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਤਰਾਜ਼ ਮਗਰੋਂ ਵਾਪਸ ਲਿਆ, ਕਿਹਾ ਨੋਟਿਸ ਤਾਂ ਗ਼ਲਤੀ ਨਾਲ ਜਾਰੀ ਹੋ ਗਿਆ ਸੀ

photo

 

ਹਾਈ ਕੋਰਟ ’ਚ ਕੇਸ ਕਰੇਗਾ ਯੂਨਾਈਟਡ ਕ੍ਰਿਸਚਨ ਫ਼ੋਰਮ

ਇੰਦੌਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਪੁਲਿਸ ਨੇ 40 ਗਿਰਜਾ ਘਰਾਂ ਦੇ ਅਹੁਦੇਦਾਰਾਂ ਨੂੰ ਧਰਮ ਤਬਦੀਲੀ ਨਾਲ ਜੁੜੀਆਂ ਗਤੀਵਿਧੀਆਂ ਦਾ ਵੇਰਵਾ ਮੰਗਦਿਆਂ ਨੋਟਿਸ ਭੇਜਿਆ, ਪਰ ਈਸਾਈਆਂ ਦੇ ਵਿਰੋਧ ਮਗਰੋਂ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ। ਨਾਲ ਹੀ, ਪੁਲਿਸ ਨੇ ਕਿਹਾ ਕਿ ਇਹ ‘ਗ਼ਲਤੀ ਨਾਲ’ ਜਾਰੀ ਹੋ ਗਿਆ ਸੀ।

ਇਸ ਈਸਾਈ ਜਥੇਬੰਦੀ ਦੇ ਅਹੁਦੇਦਾਰ ਨੇ ਕਿਹਾ ਕਿ ਈਸਾਈਆਂ ਨੇ ਕਿਹਾ ਕਿ ਇੰਦੌਰ ’ਚ ਵੱਖੋ-ਵੱਖ ਪੁਲਿਸ ਥਾਣਿਆਂ ਨੇ ਪਿਛਲੇ ਹਫ਼ਤੇ ਲਗਭਗ 40 ਗਿਰਜਾ ਘਰਾਂ ਅਤੇ ਧਾਰਮਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਨੋਟਿਸ ਜਾਰੀ ਕੀਤਾ ਸੀ।

ਇਸ ਬਾਰੇ ਪੁੱਛੇ ਜਾਣ ’ਤੇ ਇੰਦੌਰ ਦੇ ਪੁਲਿਸ ਕਮਿਸ਼ਨਰ ਮਕਰੰਦ ਦੇਊਸਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੋ ਨੋਟਿਸ ਇਨ੍ਹਾਂ ਲੋਕਾਂ ਤਕ ਪੁੱਜੇ ਹਨ, ਉਹ ਅਸਲ ’ਚ ਇੰਦੌਰ ਦੇ ਸਾਰੇ ਥਾਣਾ ਮੁਖੀਆਂ ਨੂੰ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਥਾਣਾ ਮੁਖੀਆਂ ਨੇ ‘ਗ਼ਲਤੀ ਨਾਲ’ ਈਸਾਈਆਂ ਨੂੰ ਇਹ ਨੋਟਿਸ ਭੇਜ ਦਿਤਾ ਸੀ ਅਤੇ ਵਿਰੋਧ ਮਗਰੋਂ ਇਸ ਨੂੰ ਵਾਪਸ ਲੈ ਲਿਆ ਗਿਆ।

ਯੂਨਾਈਟਡ ਕ੍ਰਿਸਚਨ ਫ਼ੋਰਮ ਦੇ ਮੈਂਬਰ ਸੁਰੇਸ਼ ਕੈਲਟਨ ਨੇ ਕਿਹਾ ਕਿ ਨੋਟਿਸ ’ਚ ਧਰਮ ਤਬਦੀਲੀ ਗਤੀਵਿਧੀਆਂ ’ਚ ਸ਼ਾਮਲ ਹੋਣ ਬਾਬਤ ‘ਇਤਰਾਜ਼ਯੋਗ’ ਸਵਾਲ ਸਨ। ਉਨ੍ਹਾਂ ਦਾਅਵਾ ਕੀਤਾ, ‘‘ਨੋਟਿਸ ’ਚ ਇਕ ਸਵਾਲ ਹੈ, ਜਿਸ ’ਚ ਵਿਅਕਤੀਆਂ ਨੂੰ ਇਹ ਐਲਾਨ ਕਰਨ ਨੂੰ ਕਿਹਾ ਗਿਆ ਹੈ ਕਿ ਕੀ ਉਹ ਜਾਂ ਫਿਰ ਉਸ ਦਾ ਸੰਗਠਨ ਧਰਮ ਤਬਦੀਲੀ ’ਚ ਸ਼ਾਮਲ ਹੈ?’’ ਉਨ੍ਹਾਂ ਕਿਹਾ ਕਿ ਪੁਲਿਸ ਦਾ ਇਹ ਕੰਮ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ।

ਕੈਲਟਨ ਨੇ ਕਿਹਾ, ‘‘ਸਾਡੇ ’ਚੋਂ ਕੋਈ ਅਜਿਹੀਆਂ ਗਤੀਵਿਧੀਆਂ ’ਚ ਸ਼ਾਮਲ ਨਹੀਂ ਹੈ ਅਤੇ ਅਸੀਂ ਨੋਟਿਸ ਵਿਰੁਧ ਹਾਈ ਕੋਰਟ ਜਾਵਾਂਗੇ।’’ ਉਨ੍ਹਾਂ ਕਿਹਾ ਕਿ ਇੰਦੌਰ ’ਚ 60 ਹਜ਼ਾਰ ਈਸਾਈ ਰਹਿੰਦੇ ਹਨ, ਅਤੇ ਇਸ ’ਚ ਵੱਡੀ ਗਿਣਤੀ ’ਚ ਲੋਕ ਸਿਹਤ ਅਤੇ ਸਿਖਿਆ ਨਾਲ ਸਬੰਧਤ ਸਮਾਜਕ ਭਲਾਈ ਗਤੀਵਿਧੀਆਂ ਨਾਲ ਜੁੜੇ ਹੋਏ ਹਨ।’’