ਕਿਸੇ ਸਿਸਟਮ ਨੂੰ ਤਬਾਹ ਕਰਨਾ ਸੌਖਾ ਪਰ ਬਣਾਉਣਾ ਔਖਾ : ਸੀਜੇਆਈ
ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਸਿਸਟਮ ਦੀ ਆਲੋਚਨਾ ਕਰਨਾ ਉਸ 'ਤੇ ਹਮਲਾ ਕਰਨਾ ਅਤੇ ਉਸ ਨੂੰ ਤਬਾਹ ਕਰਨਾ ਬਹੁਤ ਆਸਾਨ ਹੈ.........
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਸਿਸਟਮ ਦੀ ਆਲੋਚਨਾ ਕਰਨਾ ਉਸ 'ਤੇ ਹਮਲਾ ਕਰਨਾ ਅਤੇ ਉਸ ਨੂੰ ਤਬਾਹ ਕਰਨਾ ਬਹੁਤ ਆਸਾਨ ਹੈ ਪਰ ਕਿਸੇ ਸੰਸਥਾ ਨੂੰ ਅੱਗੇ ਲਿਜਾਣਾ ਅਤੇ ਅਪਣੀਆਂ ਨਿੱਜੀ ਇੱਛਾਵਾਂ ਨੂੰ ਦੂਰ ਰੱਖ ਕੇ ਉਸ ਨੂੰ ਅੱਗੇ ਵਧਾਉਣਾ ਹੀ ਮੁਸ਼ਕਲ ਅਤੇ ਚੁਣੌਤੀਪੂਰਨ ਕੰਮ ਹੈ। 72ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੰਸਥਾ ਨੂੰ ਅੱਗੇ ਵਧਾਉਣਾ ਹੈ ਤਾਂ ਸਾਨੂੰ ਅਪਣੀਆਂ ਵਿਅਕਤੀਗਤ ਇਛਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਰੱਖਣਾ ਹੋਵੇਗਾ।
ਇਸ ਦੇ ਨਾਲ ਹੀ ਉਸ ਵਿਚ ਸੁਧਾਰ ਦੇ ਲਈ ਤਰਕਸੰਗਤ, ਪਰਿਪੱਕਤਾ, ਜ਼ਿੰਮੇਵਾਰੀ ਅਤੇ ਸਕਰਾਤਮਕ ਮਾਨਸਿਕਤਾ ਦੇ ਨਾਲ ਰਚਨਾਤਮਕ ਕਦਮ ਉਠਾਉਣੇ ਹੋਣਗੇ। ਉਨ੍ਹਾਂ ਕਿਹਾ ਕਿ ਕੁੱਝ ਤੱਤ ਅਜਿਹੇ ਵੀ ਹੁੰਦੇ ਹਨ ਜੋ ਸੰਸਥਾ ਨੂੰ ਕਮਜ਼ੋਰ ਕਰਨ ਦਾ ਯਤਨ ਕਰਦੇ ਹਨ ਪਰ ਅਸੀਂ ਕਮਜ਼ੋਰ ਨਹੀਂ ਹੋਣਾ ਬਲਕਿ ਇਕੱਠੇ ਮਲਿ ਕੇ ਇਨ੍ਹਾਂ ਦੇ ਅੱਗੇ ਝੁਕਣ ਤੋਂ ਇਨਕਾਰ ਕਰਨਾ ਹੋਵੇਗਾ। ਦਸ ਦਈਏ ਕਿ ਸੀਜੇਆਈ ਦੀਪਕ ਮਿਸ਼ਰਾ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵਲੋਂ ਕੀਤੇ ਗਏ ਵਿਦਰੋਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਜਨਤਕ ਪ੍ਰਤੀਕਿਰਿਆ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਇਸੇ ਸਾਲ 12 ਜਨਵਰੀ ਨੂੰ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਸੀਜੇਆਈ ਦੀਪਕ ਮਿਸ਼ਰਾ 'ਤੇ ਮਹੱਤਵਪੂਰਨ ਮੁੱਦਿਆਂ ਨਾਲ ਜੁੜੇ ਕੇਸ ਦੀ ਸੁਣਵਾਈ ਨਿਯਮ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਿਸੇ ਖ਼ਾਸ ਨੂੰ ਦੇਣ ਦਾ ਦੋਸ਼ ਲਗਾਇਆ ਸੀ। ਉਥੇ ਹੀ ਇਸ ਪ੍ਰੋਗਰਾਮ ਵਿਚ ਮੌਜੂਦ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪੀਆਈਐਲ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਅਸੀਂ ਪੀਆਈਐਲ ਦਾ ਸਨਮਾਨ ਕਰਦੇ ਹਾਂ ਪਰ ਅਦਾਲਤ ਨੂੰ ਸ਼ਾਸਨ ਦਾ ਕੰਮ ਉਨ੍ਹਾਂ ਲੋਕਾਂ 'ਤੇ ਛੱਡ ਦੇਣਾ ਚਾਹੀਦਾ ਹੈ, ਜਿਨ੍ਹਾਂ ਨੂੰ ਜਨਤਾ ਨੇ ਚੁਣ ਕੇ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਨੂੰ ਉਦੋਂ ਦਖ਼ਲ ਦੇਣਾ ਚਾਹੀਦਾ ਹੈ, ਜਦੀ ਸਰਕਾਰ ਕੁੱਝ ਗ਼ਲਤ ਕਰ ਰਹੀ ਹੋਵੇ। ਉਨ੍ਹਾਂ ਕਿਹਾ ਕਿ ਅੱਜ ਸਮਾਂ ਬਦਲ ਚੁੱਕਿਆ ਹੈ। ਆਮ ਨਾਗਰਿਕਾਂ ਨੂੰ ਪਤਾ ਹੈ ਕਿ ਉਹ ਜਦੋਂ ਚਾਹੁਣ ਉਦੋਂ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸੱਤਾ ਤੋਂ ਬੇਦਖ਼ਲ ਕਰ ਸਕਦੇ ਹਨ। ਇਹ ਭਾਰਤੀ ਲੋਕਤੰਤਰ ਦੀ ਖ਼ੂਬਸੂਰਤੀ ਹੈ। ਅੱਜ ਹਰ ਵਿਅਕਤੀ ਅਪਣੇ ਅਧਿਕਾਰਾਂ ਨੂੰ ਜਾਣਦਾ ਹੈ, ਸਨਮਾਨਯੋਗ ਜੀਵਨ ਨੂੰ ਸਮਝਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਹਮੇਸ਼ਾਂ ਅਧਿਕਾਰਾਂ ਦੀ ਰੱਖਿਆ ਕੀਤੀ ਹੈ ਅਤੇ ਇਹ ਪੂਰੇ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ।