ਕਸ਼ਮੀਰ ਲਗਾਤਾਰ 12ਵੇਂ ਦਿਨ ਵੀ ਬੰਦ ਰਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਕੂਲ, ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ, ਸੰਚਾਰ ਸੇਵਾਵਾਂ ਠੱਪ

Jammu and Kashmir

ਸ੍ਰੀਨਗਰ : ਕਸ਼ਮੀਰ ਵਿਚ ਸ਼ੁਕਰਵਾਰ ਨੂੰ ਲਗਾਤਾਰ 12ਵੇਂ ਦਿਨ ਵੀ ਬੰਦ ਰਿਹਾ ਹਾਲਾਂਕਿ ਅਧਿਕਾਰੀਆਂ ਨੇ ਸ੍ਰੀਨਗਰ ਵਿਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਵਿਚ ਢਿੱਲ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਘਾਟੀ ਦੇ ਬਹੁਤੇ ਹਿੱਸਿਆਂ ਵਿਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਵਿਚ ਢਿੱਲ ਦਿਤੀ ਗਈ ਅਤੇ ਹਾਲਾਤ ਸ਼ਾਂਤਮਈ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਤੈਨਾਤੀ ਪਹਿਲਾਂ ਵਾਂਗ ਹੀ ਹੈ। ਲੋਕਾਂ ਨੂੰ ਸ਼ਹਿਰ ਦੇ ਆਲੇ ਦੁਆਲੇ ਅਤੇ ਹੋਰ ਸ਼ਹਿਰਾਂ ਵਿਚ ਆਵਾਜਾਈ ਦੀ ਆਗਿਆ ਦਿਤੀ ਗਈ ਹੈ। ਰਾਜ ਪ੍ਰਸ਼ਾਸਨ ਨੇ ਸਰਕਾਰੀ ਕਰਮਚਾਰੀਆਂ ਨੂੰ ਰੇਡੀਉ ਜ਼ਰੀਏ ਸ਼ੁਕਰਵਾਰ ਨੂੰ ਕੰਮ 'ਤੇ ਆਉਣ ਦੇ ਹੁਕਮ ਦਿਤੇ। ਸੰਚਾਰ ਸੇਵਾਵਾਂ 'ਤੇ ਪਾਬੰਦੀਆਂ ਜਾਰੀ ਹਨ। ਪਿਛਲੇ ਦੋ ਹਫ਼ਤਿਆਂ ਤੋਂ ਸਕੂਲ ਬੰਦ ਹਨ। ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਵੀ ਪੰਜ ਅਗੱਸਤ ਤੋਂ ਬੰਦ ਹਨ।  

ਉਧਰ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀ ਵੀ ਆਰ ਸੁਬਰਮਨੀਅਮ ਨੇ ਕਿਹਾ ਕਿ ਘਾਟੀ ਵਿਚ ਸ਼ੁਕਰਵਾਰ ਨੂੰ ਰਾਜ ਸਰਕਾਰ ਦੇ ਦਫ਼ਤਰਾਂ ਵਿਚ ਆਮ ਢੰਗ ਨਾਲ ਕੰਮਕਾਜ ਹੋਇਆ ਜਦਕਿ ਸਕੂਲ ਅਗਲੇ ਹਫ਼ਤੇ ਫਿਰ ਖੁਲ੍ਹਣਗੇ। ਉਨ੍ਹਾਂ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੰਜ ਅਗੱਸਤ ਨੂੰ ਜਦ ਪਾਬੰਦੀਆਂ ਲਾਈਆਂ ਗਈਆਂ, ਤਦ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ 12 ਦਿਨਾਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਸੇ ਨੂੰ ਕੋਈ ਸੱਟ ਨਹੀਂ ਵੱਜੀ। 

ਮੁੱਖ ਸਕੱਤਰ ਨੇ ਕਿਹਾ ਕਿ ਕਸ਼ਮੀਰ ਵਿਚ ਬਹੁਤੀਆਂ ਫ਼ੋਨ ਲਾਈਨਾਂ ਹਫ਼ਤੇ ਦੇ ਅਖ਼ੀਰ ਯਾਨੀ ਸਨਿਚਰਵਾਰ ਤਕ ਬਹਾਲ ਕਰ ਦਿਤੀਆਂ ਜਾਣਗੀਆਂ ਅਤੇ ਸਕੂਲ ਅਗਲੇ ਹਫ਼ਤੇ ਖੁਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਚੰਗੀ ਰਹੀ ਹੈ। ਪੰਜ ਅਗੱਸਤ ਨੂੰ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਨੂੰ ਖ਼ਤਮ ਕਰ ਦਿਤਾ ਗਿਆ ਸੀ। ਮੁੱਖ ਸਕੱਤਰ ਨੇ ਇਹ ਵੀ ਕਿਹਾ ਕਿ ਰਾਜ ਦੇ 12 ਜ਼ਿਲ੍ਹਿਆਂ ਵਿਚ ਆਮ ਢੰਗ ਨਾਲ ਕੰਮਕਾਜ ਹੋ ਰਿਹਾ ਹੈ ਜਦਕਿ ਮਹਿਜ਼ ਪੰਜ ਜ਼ਿਲ੍ਹਿਆਂ ਵਿਚ ਵੀ ਸੀਮਤ ਪਾਬੰਦੀਆਂ ਹਨ।  ਮੁੱਖ ਸਕੱਤਰ ਨੇ ਕਿਹਾ, 'ਸਰਹੱਦ ਪਾਰਲੇ ਅਤਿਵਾਦੀ ਘਾਟੀ ਵਿਚ ਲਗਾਤਾਰ ਵੱਖਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤੋਇਬਾ ਜਿਹੀਆਂ ਜਥੇਬੰਦੀਆਂ ਨੇ ਸੂਬੇ ਦੇ ਨੌਜਵਾਨਾਂ ਨੂੰ ਭੜਕਾ ਕੇ ਵੱਖਵਾਦੀਆਂ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਹੈ।

ਟੈਲੀਵਿਜ਼ਨ 'ਤੇ ਅਪਣਿਆਂ ਨੂੰ ਸੁਨੇਹੇ ਦੇ ਰਹੇ ਹਨ ਲੋਕ :
ਕਸ਼ਮੀਰ ਵਿਚ ਫ਼ੋਨ ਅਤੇ ਇੰਟਰਨੈਟ ਬੰਦ ਹੋਣ ਕਾਰਨ ਟੈਲੀਵਿਜ਼ਨ ਚੈਨਲ ਘਾਟੀ ਵਿਚ ਰਹਿ ਰਹੇ ਲੋਕਾਂ ਅਤੇ ਦੇਸ਼ ਤੇ ਵਿਦੇਸ਼ ਵਿਚ ਹੋਰ ਲੋਕਾਂ ਵਿਚਾਲੇ ਸੰਚਾਰ ਦਾ ਸਾਧਨ ਬਣ ਗਏ ਹਨ। ਸਥਾਨਕ ਕੇਬਲ ਚੈਨਲਾਂ ਅਤੇ ਕੌਮੀ ਖ਼ਬਰ ਚੈਨਲਾਂ ਦੇ ਖੇਤਰੀ ਚੈਨਲਾਂ 'ਤੇ ਲੋਕਾਂ ਦੇ ਸੰਦੇਸ਼ ਦਿਤੇ ਜਾ ਰਹੇ ਹਨ ਅਤੇ ਇਹ ਸੰਦੇਸ਼ ਤਰ੍ਹਾਂ ਤਰ੍ਹਾਂ ਦੇ ਹਨ। ਕੁੱਝ ਲੋਕ ਘਾਟੀ ਵਿਚ ਅਪਣੇ ਰਿਸ਼ਤੇਦਾਰਾਂ ਦਾ ਹਾਲ ਜਾਣਨਾ ਚਾਹੁੰਦੇ ਹਨ ਤਾਂ ਕੁੱਝ ਨੇ ਕਿਹਾ ਕਿ ਉਹ ਠੀਕ ਹਨ ਅਤੇ ਹੋਰ ਲੋਕਾਂ ਨੇ ਸੂਚਨਾ ਦੇਣ ਲਈ ਇਸ ਸਾਧਨ ਦੀ ਵਰਤੋਂ ਕੀਤੀ। ਜੰਮੂ ਕਸ਼ਮੀਰ ਵਿਚ ਲਗਭਗ 300 ਪੀਸੀਓ ਸਥਾਪਤ ਕੀਤੇ ਗਏ ਹਨ, ਫਿਰ ਵੀ ਚੈਨਲ ਦੀਆਂ ਹੈਲਪਲਾਈਨਾਂ 'ਤੇ ਸੰਦੇਸ਼ ਮਿਲ ਰਹੇ ਹਨ।