ਕਸ਼ਮੀਰੀ ਅਤੇ ਪਾਕਿਸਤਾਨੀ ਇਕ ਹਨ : ਰਾਸ਼ਟਰਪਤੀ ਅਲਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਬਦਲ ਕੇ ਭਾਰਤ ਨੇ ਨਾ ਸਿਰਫ਼ ਸੰਯੁਕਤ ਰਾਸ਼ਟਰ ਦੇ ਮਤੇ ਦੀ, ਬਲਕਿ ਸ਼ਿਮਲਾ ਸਮਝੌਤੇ ਦੀ ਵੀ ਉਲੰਘਣਾ ਕੀਤੀ ਹੈ

Arif Alvi

ਇਸਲਾਮਾਬਾਦ  : ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਹੈ ਕਿ 'ਕਸ਼ਮੀਰੀ ਅਤੇ ਪਾਕਿਸਤਾਨੀ ਇਕ ਹਨ' ਅਤੇ ਉਸ ਦਾ ਦੇਸ਼ ਅਤੇ ਦੇਸ਼ ਵਾਸੀ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਣਗੇ। ਇਥੇ ਪਾਕਿਸਤਾਨ ਦੇ 73ਵੇਂ ਆਜ਼ਾਦੀ ਦਿਵਸ ਮੌਕੇ ਆਯੋਜਤ ਮੁੱਖ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਰੁਤਬਾ ਖ਼ਤਮ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਵਿਰੁਧ ਪਾਕਿਸਤਾਨ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨਵੀਂ ਦਿੱਲੀ ਦੇ ਫ਼ੈਸਲੇ ਵਿਰੁਧ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦਾ ਰੁਖ਼ ਕਰੇਗਾ।

ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਬਦਲ ਕੇ ਭਾਰਤ ਨੇ ਨਾ ਸਿਰਫ਼ ਸੰਯੁਕਤ ਰਾਸ਼ਟਰ ਦੇ ਮਤੇ ਦੀ, ਬਲਕਿ ਸ਼ਿਮਲਾ ਸਮਝੌਤੇ ਦੀ ਵੀ ਉਲੰਘਣਾ ਕੀਤੀ ਹੈ। ਇਸ ਦੇ ਨਾਲ ਹੀ, ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਦਿਤੇ ਗਏ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਅੰਦਰੂਨੀ ਮਾਮਲਾ ਹੈ।

ਇਸ  ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਹਕੀਕਤ ਨੂੰ ਸਵੀਕਾਰ ਕਰਨ ਦੀ ਸਲਾਹ ਦਿਤੀ ਹੈ। ਅਲਵੀ ਨੇ ਅਪਣੇ ਭਾਸ਼ਣ ਵਿਚ ਕਸ਼ਮੀਰ ਦੇ ਲੋਕਾਂ ਨੂੰ ਪਾਕਿਸਤਾਨ ਦੇ ਸਮਰਥਨ ਦਾ ਭਰੋਸਾ ਦਿਤਾ। ਪਾਕਿਸਤਾਨ ਦੀ ਸਰਕਾਰੀ ਏਜੰਸੀ ਐਸੋਸੀਏਟ ਪ੍ਰੈਸ ਨੇ ਅਪਣੀ ਰੀਪੋਰਟ ਵਿਚ ਅਲਵੀ ਦੇ ਹਵਾਲੇ ਨਾਲ ਕਿਹਾ, “ਅਸੀਂ ਉਸਨੂੰ ਕਿਸੇ ਵੀ ਹਾਲਾਤ ਵਿਚ ਇਕੱਲੇ ਨਹੀਂ ਛੱਡਾਂਗੇ।'' ਕਸ਼ਮੀਰੀ ਅਤੇ ਪਾਕਿਸਤਾਨੀ ਇਕ ਹਨ। ਸਾਡਾ ਦੁੱਖ ਇਕ ਹੈ ਅਤੇ ਉਨ੍ਹਾਂ ਦੇ ਹੰਝੂ ਸਾਡੇ ਦਿਲਾਂ ਤਕ ਪਹੁੰਚਦੇ ਹਨ।

ਅਸੀਂ ਉਨ੍ਹਾਂ ਦੇ ਨਾਲ ਹਾਂ ਅਤੇ ਰਹਾਂਗੇ।'' ਉਸ ਨੇ ਕਿਹਾ ਕਿ ਭਾਰਤ ਕੰਟਰੋਲ ਰੇਖਾ ਤੇ ਗ਼ੈਰ-ਫ਼ੌਜੀ ਖੇਤਰ ਨੂੰ ਨਿਸ਼ਾਨਾ ਬਣਾ ਕੇ ਸੰਘਰਸ਼ ਵਿਰਾਮ ਸਮਝੌਤੇ ਦੀ ਉਲੰਘਣਾ ਕਰਦਾ ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ, “''ਪਾਕਿਸਤਾਨ ਇਕ ਸ਼ਾਂਤੀ ਪਸੰਦ ਦੇਸ਼ ਹੈ ਅਤੇ ਕਸ਼ਮੀਰ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦਾ ਹੈ, ਪਰ ਭਾਰਤ ਨੂੰ ਸਾਡੀ ਸ਼ਾਂਤੀ ਨੀਤੀ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ।''”