ਸਾਬਕਾ ਕ੍ਰਿਕਟਰ ਤੇ ਯੂਪੀ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਦਾ ਦਿਹਾਂਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

Chetan Chauhan

ਉੱਤਰ ਪ੍ਰਦੇਸ਼ : ਭਾਰਤੀ ਟੈਸਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਉੱਤਰ ਪ੍ਰਦੇਸ਼ ਦੇ ਸਿਪਾਹੀ ਭਲਾਈ, ਹੋਮ ਗਾਰਡ, ਪੀਆਰਡੀ ਅਤੇ ਨਾਗਰਿਕ ਸੁਰੱਖਿਆ ਮੰਤਰੀ ਚੇਤਨ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

 

 

ਹਾਲਾਂਕਿ, ਉਸੇ ਦਿਨ ਹੀ ਉਹਨਾਂ ਦੇ ਰਿਸ਼ਤੇਦਾਰ ਮੁਕੁਲ ਨੇ ਦੱਸਿਆ ਸੀ ਕਿ ਚੇਤਨ ਚੌਹਾਨ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ, ਹਾਲਾਂਕਿ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਬੀਤੇ ਦਿਨੀਂ 11 ਜੁਲਾਈ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਕੋਰੋਨਾ ਕਰ ਕੇ ਉਹਨਾਂ ਦੀ ਕਿਡਨੀ ਵਿਚ ਇਨਫੈਕਸ਼ਨ ਵਧ ਗਈ ਸੀ। ਮੇਦਾਂਤਾ ਹਸਪਤਾਲ ਨੇ ਵੀ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।  

ਚੇਤਨ ਚੌਹਾਨ ਯੋਗੀ ਸਰਕਾਰ ਦੇ  ਦੂਜੇ ਅਜਿਹੇ ਮੰਤਰੀ ਹਨ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲਾ ਰਾਣੀ ਦੀ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਮੌਤ ਹੋਈ ਸੀ। ਚੇਤਨ ਚੌਹਾਨ ਲੰਬੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸਨ। ਚੇਤਨ ਚੌਹਾਨ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵੀ ਰਹੇ ਹਨ। 

ਦੱਸ ਦਈਏ ਕਿ ਯੂਪੀ ਦੇ ਅੱਧੇ ਤੋਂ ਜ਼ਿਆਦਾ ਕੈਬਨਿਟ ਮੰਤਰੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਹੁਣ ਤੱਕ ਯੋਗੀ ਸਰਕਾਰ ਦੇ ਅੱਠ ਮੰਤਰੀ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ਵਿਚ ਦੋ ਦੀ ਮੌਤ ਹੋ ਚੁੱਕੀ ਹੈ।