ਜਲੰਧਰ ਦੇ 'ਆਪ' ਵਿਧਾਇਕ ਅੰਗੁਰਾਲ ਨੂੰ ਝਟਕਾ, ਸੈਸ਼ਨ ਕੋਰਟ ਨੇ ਜ਼ਮਾਨਤ ਰੱਦ ਕਰਨ ਦਾ ਫੈਸਲਾ ਬਰਕਰਾਰ ਰੱਖਿਆ
ਗ੍ਰਿਫਤਾਰੀ ਦੀ ਲਟਕੀ ਤਲਵਾਰ
ਜਲੰਧਰ: ਜਲੰਧਰ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਸ਼ੀਤਲ ਅੰਗੁਰਾਲ ਦੀ ਜ਼ਮਾਨਤ ਰੱਦ ਕਰਨ ਵਿਰੁੱਧ ਕੀਤੀ ਅਪੀਲ ਨੂੰ ਰੱਦ ਕਰ ਦਿਤਾ ਹੈ। ਦਰਅਸਲ, ਹਾਲ ਹੀ ਵਿਚ ਸੀਜੇਐਮ ਅਮਿਤ ਗਰਗ ਨੇ ਸ਼ੀਤਲ ਅੰਗੁਰਾਲ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਆਪਣੇ ਹੁਕਮ ਵਿਚ ਸੀਜੇਐਮ ਨੇ ਲਿਖਿਆ ਸੀ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਸੈਸ਼ਨ ਅਦਾਲਤ ਵਿਚ ਚੁਣੌਤੀ ਦਿੱਤੀ ਸੀ ਪਰ ਸੈਸ਼ਨ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਸ਼ੀਤਲ ਅੰਗੁਰਾਲ ਦੀ ਪਟੀਸ਼ਨ ਅਤੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿਤੀ।
ਹੁਣ ਫਿਰ ਸ਼ੀਤਲ ਅੰਗੁਰਾਲ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਹੁਣ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਕੋਲ ਹਾਈ ਕੋਰਟ ਦਾ ਹੀ ਰਸਤਾ ਬਚਿਆ ਹੈ। ਜਲੰਧਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅਮਿਤ ਕੁਮਾਰ ਗਰਗ ਦੀ ਅਦਾਲਤ ਨੇ ਹਰਵਿੰਦਰ ਕੌਰ ਮਿੰਟੀ ਕੇਸ ਵਿਚ ਵਾਰ-ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਾ ਹੋਣ 'ਤੇ ਪੱਛਮੀ ਹਲਕੇ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।
ਅਦਾਲਤ ਨੇ 10 ਅਗਸਤ ਨੂੰ ਵਿਧਾਇਕ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰਕੇ 24 ਅਗਸਤ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿਤੇ ਸਨ। ਇਸ ਦੇ ਨਾਲ ਹੀ ਸ਼ੀਤਲ ਅੰਗੁਰਾਲ ਦੇ ਸਾਰੇ ਜ਼ਮਾਨਤੀ ਬਾਂਡ ਰੱਦ ਕਰਕੇ ਜ਼ਬਤ ਕਰਨ ਦੇ ਹੁਕਮ ਵੀ ਦਿਤੇ ਗਏ। ਮਿੰਟੀ ਨੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ 'ਚ ਸ਼ੀਤਲ ਅੰਗੁਰਾਲ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਡਿਵੀਜ਼ਨ ਨੰਬਰ 6 'ਚ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ। ਸ਼ਿਕਾਇਤ ਵਿਚ ਮਿੰਟੀ ਨੇ ਕਿਹਾ ਸੀ ਕਿ ਉਸ ਬਾਰੇ ਅਪਮਾਨਜਨਕ ਸ਼ਬਦ ਕਹਿਣ ਤੋਂ ਇਲਾਵਾ ਉਸ ਨੂੰ ਬਲੈਕਮੇਲਰ ਵੀ ਕਿਹਾ ਗਿਆ ਸੀ।