CM ਅਰਵਿੰਦ ਕੇਜਰੀਵਾਲ ਨੂੰ ‘ਤੋਹਫੇ’ ਵਜੋਂ 5 ਆਟੋ ਰਿਕਸ਼ਾ ਦੇਣ ਪਹੁੰਚੇ ਭਾਜਪਾ ਵਿਧਾਇਕ, ਕੀ ਹੈ ਮਾਮਲਾ?

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਆਪਣੇ ਹਾਲ ਹੀ ਦੇ ਦੋ ਦਿਨਾਂ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ 12 ਸਤੰਬਰ ਨੂੰ ਅਹਿਮਦਾਬਾਦ ਵਿਚ ਇਕ ਆਟੋ ਚਾਲਕ ਦੇ ਘਰ ਰਾਤ ਦਾ ਖਾਣਾ ਖਾਧਾ।

BJP 'gifts' 5 autos to Arvind Kejriwal



ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਪੰਜ ਆਟੋ ਰਿਕਸ਼ਾ ਉਹਨਾਂ ਨੂੰ 'ਤੋਹਫੇ' ਵਜੋਂ ਦੇਣ ਲਈ ਪਹੁੰਚੇ। ਦਰਅਸਲ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਪੁਲਿਸ ਦੇ ਅਧਿਕਾਰੀਆਂ ਨਾਲ ਅਹਿਮਦਾਬਾਦ ਵਿਚ ਇਕ ਆਟੋ ਰਿਕਸ਼ਾ ਵਿਚ ਸਫ਼ਰ ਕਰਨ ਨੂੰ ਲੈ ਕੇ ਬਹਿਸ ਹੋ ਗਈ ਸੀ।

ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਮੁੱਖ ਮੰਤਰੀ ਦੇ ਫਲੈਗਸਟਾਫ ਰੋਡ ਸਥਿਤ ਰਿਹਾਇਸ਼ ਦੇ ਬਾਹਰ ਕਿਹਾ ਕਿ ਕੇਜਰੀਵਾਲ ਦੇ ਕਾਫ਼ਲੇ 'ਚ 27 ਗੱਡੀਆਂ ਹਨ ਪਰ ਉਹਨਾਂ ਨੇ ਗੁਜਰਾਤ 'ਚ ਆਟੋ ਰਿਕਸ਼ਾ 'ਚ ਸਫ਼ਰ ਕਰਨ 'ਤੇ ਜ਼ੋਰ ਦੇ ਕੇ ਡਰਾਮਾ ਕੀਤਾ ਹੈ।

ਗੁਜਰਾਤ ਦੇ ਆਪਣੇ ਹਾਲ ਹੀ ਦੇ ਦੋ ਦਿਨਾਂ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ 12 ਸਤੰਬਰ ਨੂੰ ਅਹਿਮਦਾਬਾਦ ਵਿਚ ਇਕ ਆਟੋ ਚਾਲਕ ਦੇ ਘਰ ਰਾਤ ਦਾ ਖਾਣਾ ਖਾਧਾ। ਆਟੋ ਚਾਲਕ ਉਹਨਾਂ ਨੂੰ ਪੰਜ ਤਾਰਾ ਹੋਟਲ ਤੋਂ ਲੈ ਗਿਆ ਸੀ ਜਿੱਥੇ ਉਹ ਠਹਿਰੇ ਹੋਏ ਸਨ। ਇਸ ਦੌਰਾਨ ਗੁਜਰਾਤ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੂੰ ਆਟੋ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਇਕ ਪੁਲਿਸ ਮੁਲਾਜ਼ਮ ਆਟੋ ਚਾਲਕ ਦੇ ਕੋਲ ਬੈਠ ਗਿਆ ਅਤੇ ਪੁਲਿਸ ਦੀਆਂ ਦੋ ਗੱਡੀਆਂ ਵੀ ਆਟੋ ਦੇ ਨਾਲ ਰਹੀਆਂ।

ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਬਿਧੂੜੀ ਨੇ ਕਿਹਾ, '' ਉਹਨਾਂ ਦੇ ਕਾਫਲੇ 'ਚ 27 ਗੱਡੀਆਂ ਹਨ ਅਤੇ 200 ਕਰਮਚਾਰੀ ਉਹਨਾਂ ਦੀ ਸੁਰੱਖਿਆ 'ਤੇ ਹਨ ਪਰ ਫਿਰ ਵੀ ਉਹਨਾਂ ਨੇ ਗੁਜਰਾਤ 'ਚ ਆਟੋ ਰਿਕਸ਼ਾ 'ਚ ਸਫਰ ਕਰਨ 'ਤੇ ਜ਼ੋਰ ਦੇ ਕੇ ਡਰਾਮਾ ਕੀਤਾ। ਇਸ ਲਈ ਅਸੀਂ ਉਹਨਾਂ ਨੂੰ ਇਹ ਆਟੋ ਗਿਫਟ ਕਰ ਰਹੇ ਹਾਂ ਤਾਂ ਜੋ ਦਿੱਲੀ 'ਚ ਥ੍ਰੀ ਵ੍ਹੀਲਰ 'ਚ ਸਫਰ ਕਰਨ ਦੀ ਉਹਨਾਂ ਦੀ ਇੱਛਾ ਪੂਰੀ ਹੋ ਸਕੇ।