ਕੋਰੋਨਾ ਕਾਲ ਦੌਰਾਨ ਭਾਰਤ ਵਿਚ 80 ਕਰੋੜ ਗਰੀਬਾਂ ਨੂੰ ਮਿਲ ਰਿਹੈ ਮੁਫ਼ਤ ਰਾਸ਼ਣ - ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾ ਸੰਕਟ ਵਿਚ ਵੀ ਭਾਰਤ ਕੁਪੋਸ਼ਣ ਖਿਲਾਫ਼ ਮਜ਼ਬੂਤ ਲੜਾਈ ਲੜ ਰਿਹਾ ਹੈ

India Providing Free Ration To 80 Crore Poor For Last 7-8 Months: PM Modi

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀਬਾੜੀ ਸੰਗਠਨ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਲ ਦੌਰਾਨ ਭਾਰਤ ਵਿਚ 80 ਕਰੋੜ ਗਰੀਬਾਂ ਨੂੰ ਮੁਫ਼ਤ ਰਾਸ਼ਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਿਚ ਕੁੱਲ ਡੇਢ ਲੱਖ ਕਰੋੜ ਰੁਪਏ ਦਾ ਖਰਚ ਆਇਆ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਫਸਲਾਂ ਦੀਆਂ ਹਾਲ ਹੀ ਵਿਚ ਵਿਕਸਤ 17 ਕਿਸਮਾਂ ਦੇਸ਼ ਨੂੰ ਸਮਰਪਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਸੰਕਟ ਦੌਰਾਨ ਭਾਰਤ ਕੁਪੋਸ਼ਣ ਦੀ ਸਮੱਸਿਆ ਨਾਲ ਸੰਘਰਸ਼ ਕਰ ਰਿਹਾ ਹੈ।

ਇਸ ਵਿਚ ਕਿਸਾਨਾਂ, ਆਸ਼ਾ ਵਰਕਰਾਂ, ਵਿਗਿਆਨਕਾਂ ਅਤੇ ਆਂਗਨਵਾੜੀ ਵਰਕਰਾਂ ਦਾ ਸਹਿਯੋਗ ਮਿਲ ਰਿਹਾ ਹੈ। ਇਹਨਾਂ ਦੀ ਮਦਦ ਨਾਲ ਭਾਰਤ ਦਾ ਅੰਨ ਭੰਡਾਰ ਭਰਿਆ ਹੈ, ਜਿਸ ਵਿਚੋਂ ਗਰੀਬਾਂ ਤੱਕ ਰਾਸ਼ਣ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਚਲਦਿਆਂ ਭਾਰਤ ਕੋਰੋਨਾ ਦੇ ਇਸ ਸੰਕਟ ਵਿਚ ਵੀ ਕੁਪੋਸ਼ਣ ਖਿਲਾਫ਼ ਮਜ਼ਬੂਤ ਲੜਾਈ ਲੜ ਰਿਹਾ ਹੈ।

ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਮਿਲਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨੇ ਐਫਏਓ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਭਾਰਤ ਖੁਸ਼ ਹੈ ਕਿ ਇਸ ਵਿਚ ਸਾਡਾ ਯੋਗਦਾਨ ਅਤੇ ਸ਼ਮੂਲੀਅਤ ਇਤਿਹਾਸਕ ਰਹੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲਾਗਤ ਦੀ ਡੇਢ ਗੁਣਾ ਕੀਮਤ ਐਮਐਸਪੀ ਦੇ ਰੂਪ ਵਿਚ ਮਿਲੇ, ਇਸ ਦੇ ਲਈ ਕਈ ਕਦਮ ਚੁੱਕੇ ਗਏ। ਪੀਐਮ ਮੋਦੀ ਨੇ ਕਿਹਾ ਕਿ ਐਮਐਸਪੀ ਅਤੇ ਸਰਕਾਰੀ ਖਰੀਦ, ਦੇਸ਼ ਦੀ ਭੋਜਨ ਸੁਰੱਖਿਆ ਦਾ ਅਹਿਮ ਹਿੱਸਾ ਹਨ। ਇਸ ਦੇ ਲਈ ਇਹਨਾਂ ਦਾ ਰਹਿਣਾ ਸੁਭਾਵਕ ਹੈ। 

ਉਹਨਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਤਾਕਤ ਦੇਣ ਲਈ ਐਫਪੀਓ ਦਾ ਇਕ ਵੱਡਾ ਨੈੱਟਵਰਕ ਦੇਸ਼ ਵਿਚ ਤਿਆਰ ਕੀਤਾ ਜਾ ਰਿਹਾ ਹੈ। ਭਾਰਤ ਵਿਚ ਅਨਾਜ ਦੀ ਬਰਬਾਦੀ ਹਮੇਸ਼ਾਂ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹੁਣ ਜਦੋਂ ਜ਼ਰੂਰੀ ਵਸਤੂਆਂ ਦੇ ਐਕਟ (Essential Commodities Act)  ਵਿਚ ਸੋਧ ਕੀਤੀ ਗਈ ਹੈ, ਇਸ ਨਾਲ ਹਾਲਾਤ ਬਦਲਣਗੇ।