ਮਹਾਰਾਸ਼ਟਰ 'ਚ ਅਗਲੇ ਹਫ਼ਤੇ ਤਕ ਸਰਕਾਰ ਬਣਨ ਦੇ ਆਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਦਰੀ ਪਦ ਸ਼ਿਵ ਸੈਨਾ ਨੂੰ ਮਿਲੇਗਾ

sharad pawar

ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਨੇ ਸਾਂਝਾ ਪ੍ਰੋਗਰਾਮ ਬਣਾਇਆ
ਪਵਾਰ ਨੇ ਕਿਹਾ-ਸਾਡੀ ਸਰਕਾਰ ਬਣੇਗੀ ਜਿਹੜੀ ਪੰਜ ਸਾਲ ਪੂਰੇ ਕਰੇਗੀ
ਮੱਧਵਰਤੀ ਚੋਣਾਂ ਦੀ ਕੋਈ ਸੰਭਾਵਨਾ ਨਹੀਂ

ਨਾਗਪੁਰ/ਮੁੰਬਈ : ਮਹਾਰਾਸ਼ਟਰ ਵਿਚ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਦੇ ਗਠਜੋੜ ਵਾਲੀ ਪਹਿਲੀ ਸਰਕਾਰ ਬਣਦੀ ਦਿਸ ਰਹੀ ਹੈ। ਐਨਸੀਪੀ ਆਗੂ ਸ਼ਰਦ ਪਵਾਰ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ ਅਤੇ ਵਿਕਾਸਮੁਖੀ ਸ਼ਾਸਨ ਦੇਵੇਗੀ। ਮਹਾਰਾਸ਼ਟਰ ਵਿਚ ਪਹਿਲੀ ਵਾਰ ਅਜਿਹਾ ਤਜਰਬਾ ਹੋ ਰਿਹਾ ਹੈ ਜਦ ਵੱਖ ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਸਰਕਾਰ ਬਣਾ ਰਹੀਆਂ ਹਨ ਜਿਸ ਦੀ ਅਗਵਾਈ ਸ਼ਿਵ ਸੈਨਾ ਕਰੇਗੀ।

ਤਿੰਨਾਂ ਪਾਰਟੀਆਂ ਨੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦਾ ਖਰੜਾ ਤਿਆਰ ਕਰ ਲਿਆ ਹੈ ਜਿਸ ਨਾਲ ਰਾਜ ਵਿਚ ਉਨ੍ਹਾਂ ਦੇ ਗਠਜੋੜ ਦਾ ਏਜੰਡਾ ਤੈਅ ਹੋਵੇਗਾ। ਸੂਤਰਾਂ ਮੁਤਾਬਕ ਅਗਲੇ ਹਫ਼ਤੇ ਤਕ ਸੂਬੇ ਵਿਚ ਨਵੀਂ ਸਰਕਾਰ ਦਾ ਗਠਨ ਹੋ ਸਕਦਾ ਹੈ। ਪਿਛਲੇ ਦੋ ਦਹਾਕਿਆਂ ਵਿਚ ਰਾਜ ਦੀ ਸਿਆਸਤ ਭਾਜਪਾ-ਸ਼ਿਵ ਸੈਨਾ ਅਤੇ ਕਾਂਗਰਸ-ਐਨਸੀਪੀ ਗਠਜੋੜ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਸੂਬੇ ਵਿਚ ਮੱਧਵਰਤੀ ਚੋਣਾਂ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਰਾਜ ਵਿਚ ਇਨ੍ਹਾਂ ਤਿੰਨਾਂ ਪਾਰਟੀਆਂ ਦੀ ਸਰਕਾਰ ਬਣੇਗੀ ਅਤੇ ਇਹ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਮਹਾਰਾਸ਼ਟਰ ਵਿਚ ਫ਼ਿਲਹਾਲ ਰਾਸ਼ਟਰਪਤੀ ਰਾਜ ਲੱਗਾ ਹੋਇਆ ਹੈ।
ਪਵਾਰ ਨੇ ਨਾਗਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱੱਧਵਰਤੀ ਚੋਣਾਂ ਦੀ ਕੋਈ ਸੰਭਾਵਨਾ ਨਹੀਂ।

ਇਹ ਸਰਕਾਰ ਬਣੇਗੀ ਅਤੇ ਪੂਰੇ ਪੰਜ ਸਾਲ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਹੋ ਭਰੋਸਾ ਦੇਣਾ ਚਾਹੁੰਦੇ ਹਨ ਕਿ ਇਹ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਪਵਾਰ ਦੇ ਭਾਈਵਾਲੀ ਅਤੇ ਐਨਸੀਪੀ ਦੇ ਮੁੱਖ ਬੁਲਾਰੇ ਨਵਾਬ ਮਲਿਕ ਨੇ ਮੁੰਬਈ ਵਿਚ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸ਼ਿਵ ਸੈਨਾ ਕੋਲ ਰਹੇਗਾ। ਮਲਿਕ ਨੇ ਕਿਹਾ, 'ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ। ਮੁੱਖ ਮੰਤਰੀ ਅਹੁਦੇ ਦੇ ਮੁੱਦੇ 'ਤੇ ਕੋਈ ਮਤਭੇਦ ਨਹੀਂ। ਇਸੇ ਅਹੁਦੇ ਦੇ ਮੁੱਦੇ 'ਤੇ ਉਨ੍ਹਾਂ ਭਾਜਪਾ ਨੂੰ ਛਡਿਆ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਮੁੰਬਈ ਵਿਚ ਕਲ ਹੋਈ ਬੈਠਕ ਵਿਚ ਸਾਂਝੇ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ ਗਿਆ ਜਿਸ ਨੂੰ ਤਿੰਨਾਂ ਪਾਰਟੀਆਂ ਦੀ ਹਾਈ ਕਮਾਨ ਕੋਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਮੁੰਬਈ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਵਿਚ ਅਗਲੀ ਸਰਕਾਰ ਉਨ੍ਹਾਂ ਦੀ ਪਾਰਟੀ ਦੀ ਅਗਵਾਈ ਵਾਲੀ ਹੋਵੇਗੀ ਅਤੇ ਸਾਂਝਾ ਪ੍ਰੋਗਰਾਮ ਲੋਕ ਹਿੱਤ ਵਿਚ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਅਗਲੇ 25 ਸਾਲ ਸੂਬੇ ਵਿਚ ਸਰਕਾਰ ਚਲਾਏਗੀ, ਸਿਰਫ਼ ਪੰਜ ਸਾਲ ਨਹੀਂ। ਰਾਜ ਸਭਾ ਮੈਂਬਰ ਰਾਊਤ ਨੂੰ ਪੁਛਿਆ ਗਿਆ ਸੀ ਕਿ ਕੀ ਉਨ੍ਹਾਂ ਦੀ ਪਾਰਟੀ ਐਨਸੀਪੀ ਅਤੇ ਕਾਂਗਰਸ ਨਾਲ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰੇਗੀ?  

ਭਾਜਪਾ ਕੋਲ 119 ਵਿਧਾਇਕਾਂ ਦਾ ਸਮਰਥਨ, ਛੇਤੀ ਹੀ ਸਰਕਾਰ ਬਣਾਵਾਂਗੇ : ਪਾਟਿਲ
ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਨੇ ਦਾਅਵਾ ਕੀਤਾ ਕਿ ਭਾਜਪਾ ਕੋਲ 119 ਵਿਧਾਇਕਾਂ ਦਾ ਸਮਰਥਨ ਹੈ ਅਤੇ ਉਹ ਛੇਤੀ ਹੀ ਸੂਬੇ ਵਿਚ ਸਰਕਾਰ ਬਣਾਉਣਗੇ। ਪਾਟਿਲ ਨੇ ਦਾਅਵਾ ਕੀਤਾ ਕਿ 21 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਭਾਜਪਾ ਨੂੰ 105 ਸੀਟਾਂ ਮਿਲੀਆਂ ਸਨ ਪਰ ਇਸ ਵੇਲੇ ਉਸ ਕੋਲ ਕੁੱਝ ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ ਅਤੇ ਇਹ ਗਿਣਤੀ ਹੁਣ 119 ਹੋ ਗਈ ਹੈ। ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਸੱਭ ਤੋਂ ਵੱਡੀ ਪਾਰਟੀ ਹੈ ਅਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਉਨ੍ਹਾਂ ਦੀ ਗਿਣਤੀ 119 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਪਣੇ ਦਮ 'ਤੇ ਸਰਕਾਰ ਬਣਾਏਗੀ।