ਕਸ਼ਮੀਰ 'ਚ ਹੋਈ ਭਾਰੀ ਬਰਫ਼ਬਾਰੀ ਕਾਰਨ ਲੱਖਾਂ ਸੇਬਾਂ ਦੇ ਦਰੱਖਤ ਹੋਏ ਤਬਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਬੀਤੇ ਦੋ ਦਿਨਾਂ ਤੋਂ ਕਸ਼ਮੀਰ ਵਾਦੀ ’ਚ ਹੋ ਰਹੀ ਬਰਫ਼ਬਾਰੀ ਨੇ ਸੇਬ ਦੇ ਬਗ਼ੀਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।

Snowfall in Kashmir damages apple orchards

ਸ਼੍ਰੀਨਗਰ- ਕਸ਼ਮੀਰ ’ਚ ਅੱਜ ਭਾਰੀ ਬਰਫ਼ਬਾਰੀ ਕਾਰਨ ਆਮ ਜਨ–ਜੀਵਨ ਠੱਪ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਹਾਲਾਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ। ਬਰਫ਼ਬਾਰੀ ਕਾਰਨ ਸੇਬ ਦੇ ਰੁੱਖਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹੇ ਦੀਆਂ ਉੱਚੀਆਂ ਪਹਾੜੀਆਂ ’ਤ ਸੇਬ ਦੇ ਰੁੱਖਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪੁੱਜਾ ਹੈ ਕਿਉਂਕਿ ਜਦੋਂ ਬਰਫ਼ਬਾਰੀ ਹੋਈ, ਉਸ ਵੇਲੇ ਸਾਰੇ ਰੁੱਖ ਫਲਾਂ ਨਾਲ ਲੱਦੇ ਹੋਏ ਸਨ।

ਬੀਤੇ ਕੁਝ ਦਿਨਾਂ ਤੋਂ ਬਰਫ਼ਬਾਰੀ ਕਾਰਨ ਦੱਖਣੀ ਕਸ਼ਮੀਰ ਦੇ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿਚ ਸੇਬਾਂ ਦੇ ਜ਼ਿਆਦਾਤਰ ਬਾਗ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸੇਬਾਂ ਦੇ ਰੁੱਖਾਂ ਦੀਆਂ ਟਹਿਣੀਆਂ ਟੁੱਟ ਗਈਆਂ ਹਨ। ਕਸ਼ਮੀਰ ’ਚ ਭਾਰੀ ਬਰਫ਼ਬਾਰੀ ਨੇ ਤਬਾਹ ਕੀਤੇ ਸੇਬਾਂ ਦੇ ਬਾਗ਼ ਉਤਪਾਦਕਾਂ ਨੇ ਦੱਸਿਆ ਕਿ ਨਵੰਬਰ ਮਹੀਨੇ ਬੇਮੌਸਮੀ ਤੇ ਭਾਰੀ ਬਰਫ਼ਬਾਰੀ ਨੇ ਐਤਕੀਂ ਸੇਬਾਂ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ। ਟਹਿਣੀਆਂ ’ਤੇ ਬਰਫ਼ ਦੀ ਮੋਟੀ ਤਹਿ ਜੰਮ ਗਈ ਹੈ। ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਬੀਤੇ ਦੋ ਦਿਨਾਂ ਤੋਂ ਕਸ਼ਮੀਰ ਵਾਦੀ ’ਚ ਹੋ ਰਹੀ ਬਰਫ਼ਬਾਰੀ ਨੇ ਸੇਬ ਦੇ ਬਗ਼ੀਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ।

ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਦੇ ਮਾਹਿਰਾਂ ਦੀ ਇੱਕ ਟੀਮ ਨੂੰ ਕੁੱਲ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਦਿੱਤਾ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮੈਦਾਨੀ ਇਲਾਕਿਆਂ ਵਿਚ 30 ਤੋਂ 35 ਫ਼ੀ ਸਦੀ ਨੁਕਸਾਨ ਹੋਇਆ ਹੈ, ਜਦ ਕਿ ਪਹਾੜੀ ਇਲਾਕਿਆਂ ’ਚ ਹਾਲੇ ਪੁੱਜਿਆ ਨਹੀਂ ਜਾ ਸਕਦਾ। ਬੇਮੌਸਮੀ ਬਰਫ਼ਬਾਰੀ ਕਾਰਨ ਸੇਬਾਂ ਤੇ ਬਾਦਾਮਾਂ ਦੇ ਰੁੱਖ ਤਾਂ ਬਰਬਾਦ ਹੋ ਹੀ ਗਏ ਹਨ, ਬੇਰੀਆਂ ਦੇ ਬੇਰ ਵੀ ਝੜ ਗਏ ਹਨ।