''ਤਾਨਾਸ਼ਾਹੀ ਨਾਲ ਵਿਦਿਆਰਥੀਆਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ ਸਰਕਾਰ''

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Priyanka Gandhi

ਨਵੀਂ ਦਿੱਲੀ : ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿਚ ਐਤਵਾਰ ਨੂੰ ਪ੍ਰਦਰਸ਼ਨ ਦੇ ਦੌਰਾਨ ਜਿਸ ਤਰ੍ਹਾਂ ਦੀ ਹਿੰਸਾ ਹੋਈ ਉਸ 'ਤੇ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਜਾਮੀਆ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਦੇਸ਼ ਦੀ ਯੂਨੀਵਰਸਿਟੀਆਂ ਵਿਚ ਘੁਸ ਕੇ ਵਿਦਿਆਰਥੀਆਂ ਨੂੰ ਕੁੱਟਿਆ ਜਾ ਰਿਹਾ ਹੈ। ਜਿਸ ਵੇਲੇ ਸਰਕਾਰ ਨੂੰ ਅੱਗੇ ਵੱਧ ਕੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਸ ਵੇਲੇ ਭਾਜਪਾ ਸਰਕਾਰ ਉੱਤਰ ਪੂਰਬੀ , ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਤੇ ਜ਼ੁਲਮ ਕਰਕੇ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ''।

ਪ੍ਰਿੰਅਕਾਂ ਗਾਂਧੀ ਨੇ ਮੋਦੀ ਸਰਕਾਰ ਨੂੰ ਕਾਇਰ ਕਰਾਰ ਦਿੰਦੇ ਹੋਏ ਕਿਹਾ ਕਿ '' ਜਨਤਾ ਦੀ ਅਵਾਜ਼ ਤੋਂ ਡਰਦੀ ਹੈ। ਇਸ ਦੇਸ਼ ਦੇ ਨੌਜਵਾਨਾ, ਉਨ੍ਹਾਂ ਦੇ ਸਾਹਸ ਅਤੇ ਹਿੰਮਤ ਨੂੰ ਆਪਣੀ ਖੋਖਲੀ ਤਾਨਾਸ਼ਾਹੀ ਨਾਲ ਦਬਾਉਣਾ ਚਾਹੁੰਦੀ ਹੈ''। ਉਨ੍ਹਾਂ ਨੇ ਅੱਗੇ ਕਿਹਾ ਕਿ ''ਇਹ ਭਾਰਤੀ ਨੋਜਵਾਨ ਹਨ, ਸੁਣ ਲਓ ਮੋਦੀ ਜੀ ਇਹ ਦਬਣਗੇ ਨਹੀਂ ਇਨ੍ਹਾਂ ਦੀ ਅਵਾਜ਼ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਸੁਣਨੀ ਤਾਂ ਪਵੇਗੀ''।

ਦੱਸ ਦਈਏ ਕਿ ਕੱਲ੍ਹ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਵਿਚ ਜਮ ਕੇ ਪ੍ਰਦਰਸ਼ਨ ਕੀਤਾ ਸੀ ਜਿੱਥੇ ਉਨ੍ਹਾਂ ਦੀ ਪੁਲਿਸ ਨਾਲ ਵੀ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਸੀ ਪਰ ਅੱਜ ਤੜਕੇ 4 ਵਜੇ ਭਾਰੀ ਵਿਰੋਧ ਤੋਂ ਬਾਅਦ ਵਿਦਿਆਰਥੀਆਂ ਨੂੰ ਪੁਲਿਸ ਨੇ ਰਿਹਾਅ ਵੀ ਕਰ ਦਿੱਤਾ ਸੀ।