ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਅਗਲੇ 24 ਤੋਂ 48 ਘੰਟਿਆਂ ਵਿਚ ਪਵੇਗਾ ਭਾਰੀ ਮੀਂਹ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਅੰਦਰ ਕੋਹਰੇ ਤੇ ਧੁੰਦ ਦਾ ਪ੍ਰਕੋਪ ਰਹੇਗਾ ਜਾਰੀ

file photo

ਚੰਡੀਗੜ੍ਹ : ਬੀਤੇ ਦੋ-ਤਿੰਨ ਦਿਨ ਪਹਿਲਾਂ ਪਈ ਭਾਰੀ ਤੋਂ ਦਰਮਿਆਨੀ ਬਾਰਿਸ਼ ਤੋਂ ਬਾਅਦ ਕੋਹਰੇ ਅਤੇ ਧੁੰਦ ਦਾ ਪ੍ਰਕੋਪ ਜਾਰੀ ਹੈ। ਇਸ ਨਾਲ ਜਿੱਥੇ ਆਮ ਜਨ-ਜੀਵਨ 'ਤੇ ਪ੍ਰਭਾਵਿਤ ਹੋਇਆ ਹੈ, ਉੱਥੇ ਰੇਲ ਗੱਡੀਆਂ ਤੇ ਆਵਾਜਾਈ ਦੇ ਹੋਰ ਸਾਧਨਾਂ ਦੀ ਰਫ਼ਤਾਰ ਵੀ ਮੱਠੀ ਪੈ ਗਈ ਹੈ। ਇਸ ਦਾ ਅਸਰ ਆਲੂ ਤੋਂ ਇਲਾਵਾ ਹੋਰ ਫ਼ਸਲਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਕੁੱਝ ਸਾਫ਼ ਹੋਣ ਤੋਂ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਸੀ ਪਰ ਹੁਣ ਮੁੜ ਮੌਸਮ ਵਿਗੜਣ ਦੀਆਂ ਕਨਸੋਆਂ ਨੇ ਲੋਕਾਂ ਦੀ ਚਿੰਤਾ ਵਧਾ ਦਿਤੀ ਹੈ।


ਮੌਸਮ ਵਿਭਾਗ ਨੇ ਆਉਂਦੇ ਦਿਨਾਂ 'ਚ ਮੌਸਮ ਵਿਗੜਣ ਸਬੰਧੀ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਸੂਤਰਾਂ ਮੁਤਾਬਕ ਇਸ ਪੂਰੇ ਹਫ਼ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਿਤੇ ਨਾ ਕਿਤੇ ਮੀਂਹ ਪੈਂਦਾ ਰਹਿ ਸਕਦਾ ਹੈ। ਇਹ ਕਿਤੇ ਘੱਟ ਤੇ ਕਿਤੇ ਵੱਧ ਹੋ ਸਕਦਾ ਹੈ। ਮੀਂਹ ਨਾਲ ਠੰਡ ਵਧਣ ਦੇ ਵੀ ਅਸਾਰ ਹਨ।

ਸੂਤਰਾਂ ਅਨੁਸਾਰ 18 ਦਸੰਬਰ ਤਕ ਦੇਸ਼ ਦੇ 15 ਤੋਂ ਵਧੇਰੇ ਰਾਜਾਂ ਵਿਚ ਮੀਂਹ ਪੈਣ ਦਾ ਅਨੁਮਾਨ ਹੈ। 18 ਦਸੰਬਰ ਤੋਂ ਪਹਾੜੀ ਇਲਾਕਿਆਂ ਨੇੜੇ ਗੜਬੜੀ ਵਾਲੀਆਂ ਪੌਣਾ ਪੱਛਮ ਤੋਂ ਦਸਤਕ ਦੇ ਸਕਦੀਆਂ ਹਨ। ਫਲਸਰੂਪ ਉਤਰ ਦੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਤੇ ਬਾਰਿਸ਼ ਪੈ ਸਕਦੀ ਹੈ।
ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉਤਰਾਂਖੰਡ 'ਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਦੇ ਚਲਦਿਆਂ ਮੁੜ ਮੀਂਹ ਅਤੇ ਬਰਫ਼ ਪੈਣ ਦੀ ਸੰਭਾਵਨਾ ਬਣ ਸਕਦੀ ਹੈ।


ਇਸੇ ਦੌਰਾਨ ਉਤਰ ਭਾਰਤ 'ਚ ਪੰਜਾਬ ਤੇ ਹਰਿਆਣਾ 'ਚ ਵੀ ਬਾਰਿਸ਼ ਦੇ ਅਸਾਰ ਹਨ। ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਹਰਿਆਣਾ ਦੇ ਅੰਬਾਲਾ, ਪੰਚਕੂਲਾ, ਜੀਂਦ, ਰੋਹਤਕ ਸਮੇਤ ਦਿੱਲੀ ਤੇ ਯੂ.ਪੀ. ਦੇ ਮੇਰਠ ਆਦਿ ਸ਼ਹਿਰਾਂ ਵਿਚ ਮੀਂਹ ਦੁਬਾਰਾ ਦਸਤਕ ਦੇ ਸਕਦਾ ਹੈ।


ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਸੀਕਰ, ਚੁਰੂ, ਬੀਕਾਨੇਰ, ਜੈਪੁਰ, ਅਲਵਰ ਤੇ ਪੰਜਾਬ ਹਰਿਆਣਾ ਦੇ ਨੇੜਲੇ ਇਲਾਕੇ ਬਠਿੰਡਾ, ਹਿਸਾਬ, ਭਿਵਾਨੀ ਆਦਿ ਵੀ ਮੀਂਹ ਪੈ ਸਕਦਾ ਹੈ।


ਉਤਰ ਭਾਰਤ ਵਿਚ ਸ੍ਰੀਨਗਰ, ਸ਼ਿਮਲਾ, ਕੁੱਲੂ, ਮਸੂਰੀ, ਨੈਨੀਤਾਲ ਆਦਿ ਸਥਾਨ ਠੰਡੀਆਂ ਹਵਾਵਾਂ ਦੇ ਪ੍ਰਭਾਵ ਹੇਠ ਆ ਸਕਦੇ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਵੀ ਆਉਣ ਵਾਲੇ 24 ਤੋਂ 36 ਘੰਟਿਆਂ ਦਰਮਿਆਨ ਮੌਸਮ ਦਾ ਮਿਜਾਜ਼ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਕੂਚਬਿਹਾਰ, ਜਲਪਾਈਗੁੜੀ, ਨਿਊ ਜਲਪਾਈਗੁੜੀ, ਸਿਲੀਗੁੜੀ, ਬਗਦੋਗਰਾ, ਦਿਨਾਜਪੁਰ ਅਤੇ ਮਾਲਦਾ ਜਿਹੇ ਸਥਾਨਾਂ 'ਤੇ ਵੀ ਬਿਜਲੀ ਚਮਕਣ ਦੇ ਨਾਲ ਨਾਲ ਮੀਂਹ ਪੈ ਸਕਦਾ ਹੈ।

ਇਸੇ ਤਰ੍ਹਾਂ ਉਤਰ ਭਾਰਤ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਦਿੱਲੀ ਵਿਚ ਕੋਹਰੇ ਤੇ ਧੁੰਦ ਦਾ ਪ੍ਰਕੋਪ ਜਾਰੀ ਰਹਿ ਸਕਦਾ ਹੈ। ਇਸ ਦਾ ਅਸਰ ਰੇਲ ਅਤੇ ਹੋਰ ਆਵਾਜਾਈ ਦੇ ਸਾਧਨਾਂ 'ਤੇ ਪੈਣ ਦੇ ਅਸਾਰ ਹਨ। ਇਸ ਤੋਂ ਇਲਾਵਾ ਰਾਤ ਦੇ ਤਾਪਮਾਨ ਵਿਚ ਗਿਰਾਵਟ ਆਵੇਗੀ। ਹਿਮਾਲਿਆਂ ਨੇੜਲੇ ਇਲਾਕਿਆਂ ਵਿਚ ਬਰਫ਼ਬਾਰੀ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਅਗਲੇ ਦੋ ਤਿੰਨ ਦਿਨਾਂ ਤਕ ਬਣਿਆ ਰਹੇਗਾ। ਇਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।