ਜਾਮੀਆ ਦੇ ਵਿਦਿਆਰਥੀਆਂ ਦੀ ਰਿਹਾਈ ਤੋਂ ਬਾਅਦ ਸਵੇਰੇ 4 ਵਜ਼ੇ ਧਰਨਾ ਹੋਇਆ ਖ਼ਤਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਸਨ ਵਿਦਿਆਰਥੀ

Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮਜ਼ਾਹਰਿਆਂ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ 6 ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਮਵਾਰ ਤੜਕੇ ਰਿਹਾਅ ਕਰ ਦਿੱਤਾ ਹੈ। ਕੱਲ੍ਹ ਐਤਵਾਰ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਨੇ ਤਿੱਖੀਆਂ ਝੜਪਾ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਨਵੇਂ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਜਾਮੀਆ ਇਸਲਾਮੀਆ ਨੇੜੇ ਨਿਊ ਫ਼ਰੈਂਡਜ਼ ਕਾਲੋਨੀ ਵਿਚ ਪੁਲਿਸ ਨਾਲ ਝੜਪ ਹੋ ਗਈ ਸੀ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੀਟੀਸੀ ਦੀਆਂ ਚਾਰ ਬੱਸਾਂ ਤੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਝੜਪ ਵਿਚ ਵਿਦਿਆਰਥੀਆਂ ,ਪੁਲਿਸ ਅਧਿਕਾਰੀਆਂ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਣੇ 60 ਵਿਅਕਤੀ ਜਖ਼ਮੀ ਹੋ ਗਏ ਸਨ।

ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਇਹ ਹੰਗਾਮਾ ਹੋਇਆ। ਦਰਅਸਲ ਪੁਲਿਸ ਕੱਲ੍ਹ ਯੂਨੀਵਰਸਿਟੀ ਵਿਚ ਦਾਖਲ ਹੋਈ ਅਤੇ ਉਸ ਤੋਂ ਬਾਅਦ ਕਥਿਤ ਤੌਰ ਉੱਤੇ ਹਿੰਸਾ ਵਿਚ ਸ਼ਾਮਲ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਦੱਖਣ-ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਚਿਨਮਯਲ ਬਿਸਵਾਲ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ 35 ਵਿਦਿਆਰਥੀਆੰ ਨੂੰ ਕਾਲਕਾਜੀ ਪੁਲਿਸ ਥਾਣੇ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇੰਝ ਹੀ ਫਰੈਂਡਜ਼ ਕਾਲੋਨੀ ਥਾਣੇ 'ਚੋਂ ਵੀ 16 ਵਿਦਿਆਰਥੀ ਰਿਹਾਅ ਕੀਤੇ ਗਏ ਹਨ।

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦੱਖਣੀ ਦਿੱਲੀ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀ ਉੱਤੇ ਹੋਈ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਸੈਕੜੇ ਵਿਦਿਆਰਥੀ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਪ੍ਰਦਰਸ਼ਨ ਲਈ ਇਕਠੇ ਹੋ ਗਏ ਸਨ। ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਜਾਮੀਆ ਦੇ ਵਿਦਿਆਰਥੀਆਂ ਨੇ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ ਸੀ।