ਖੇਤੀ ਕਾਨੂੰਨ : ਕਿਸਾਨੀ ਸੰਘਰਸ਼ ਦੌਰਾਨ ਖੁਦਕੁਸ਼ੀ ਤੋਂ ਸਬਕ ਸਿੱਖੇ ਕੇਂਦਰ ਸਰਕਾਰ : ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਅੜੀ ਛੱਡ ਕਿਸਾਨਾਂ ਦਾ ਮਸਲਾ ਛੇਤੀ ਹੱਲ ਕਰੇ ਸਰਕਾਰ

Daljit Singh Cheema

ਨਵੀਂ ਦਿੱਲੀ: ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਹਰ ਵਰਗ ਹਾਅ ਦਾ ਨਾਅਰਾ ਮਾਰ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ‘ਤੇ ਤਰ੍ਹਾਂ ਤਰ੍ਹਾਂ ਦੀਆਂ ਤੋਹਮਤਾਂ ਲਾਉਣ ਤੋਂ ਵੀ ਪਿਛੇ ਨਹੀਂ ਹਟ ਰਹੀ। ਅੰਤਾਂ ਦੀ ਠੰਡ ਵਿਚ ਸੜਕਾਂ ਕਿਨਾਰੇ ਰਾਤਾਂ ਕੱਟ ਰਹੇ ਕਿਸਾਨਾਂ ਦੀਆਂ ਤਕਲੀਫਾਂ ਤੋਂ ਦੁਖੀ ਹੋਏ ਬਾਬਾ ਰਾਮ ਸਿੰਘ ਸੀਂਗੜੀ ਵਾਲਿਆਂ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ।

ਉਨ੍ਹਾਂ ਨੇ ਇਹ ਕਦਮ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਚੁਕਿਆ ਗਿਆ ਹੈ। ਇਸ ਦਾ ਖੁਲਾਸਾ ਖੁਦਕੁਸ਼ੀ ਨੋਟ ਤੋਂ ਹੋਇਆ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਦਾ ਦੌਰ ਸ਼ੁਰੂ ਹੋ ਗਿਆ ਹੈ। ਬਾਬਾ ਰਾਮ ਸਿੰਘ ਦੇ ਪੈਰੋਕਾਰਾਂ ਮੁਤਾਬਕ ਇਹ ਖੁਦਕੁਸ਼ੀ ਨਹੀਂ, ਸ਼ਹੀਦੀ ਕਰਾਰ ਦਿਤਾ ਹੈ ਜੋ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਦਿਤੀ ਗਈ ਹੈ। 

ਦੂਜੇ ਪੈਸੇ ਵੱਡੀ ਗਿਣਤੀ ਆਗੂ ਸਰਕਾਰ ਨੂੰ ਅੜੀ ਛੱਡ ਕਿਸਾਨਾਂ ਦਾ ਮਸਲਾ ਛੇਤੀ ਹੱਲ ਕਰਨ ਲਈ ਕਹਿ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਵੀ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਸਬਕ ਸਿੱਖਣ ਦੀ ਨਸੀਹਤ ਦਿਤੀ ਹੈ।

ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਖੁਦਕੁਸ਼ੀ ਨੋਟ ਤੋਂ ਸਾਬਤ ਹੁੰਦਾ ਹੈ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹਾਲਾਤ ਕਿੰਨੇ ਦਰਦਨਾਕ ਹੋਣਗੇ। ਉਨ੍ਹਾਂ ਕਿਹਾ ਬਾਬਾ ਰਾਮ ਸਿੰਘ ਜੀ ਕਈ ਦਿਨਾਂ ਤੋਂ ਕੁੰਢਲੀ ਬਾਰਡਰ ਤੇ ਸੰਘਰਸ਼ ਚ ਡਟੇ ਕਿਸਾਨਾਂ ਦੀ ਉਹ ਸੇਵਾ ਕਰ ਰਹੇ ਸਨ। ਉਨ੍ਹਾਂ ਕਿਹਾ ਸੰਘਰਸ਼ ਕਰ ਰਹੇ ਕਿਸਾਨ ਕਿੰਨ੍ਹਾਂ ਮੁਸ਼ਕਿਲਾਂ ਚ ਡਟੇ ਹੋਏ ਹਨ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਇਸ ਤੋਂ ਕੁਝ ਸਬਕ ਸਿੱਖੇਗੀ। ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ।