ਸਟੇਜ਼ ਤੋਂ ਗਰਜੀ ਗੁਲ ਪਨਾਗ - ਸਰਸਾ ਹਰ ਕਿਸੇ ਦੀ ਜ਼ਿੰਦਗੀ 'ਚ ਆਉਂਦੀ ਹੈ ਤੇ ਤਰਨੀ ਕਦੀ ਵੀ ਸੌਖੀ ਨਹੀਂ
ਕਿਸਾਨਾਂ ਨੂੰ ਸਮਰਥਨ ਦੇਣ ਸਿੰਘੂ ਬਾਰਡਰ ਪਹੁੰਚੀ ਅਦਾਕਾਰਾ ਗੁਲ ਪਨਾਗ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ 21ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੂੰ ਸਮਰਥਨ ਦੇਣ ਲਈ ਬਾਲੀਵੁੱਡ ਅਦਾਕਾਰਾ ਗੁਲ ਪਨਾਗ ਸਿੰਘੂ ਬਾਰਡਰ ਪਹੁੰਚੀ। ਗੁਲ ਪਨਾਗ ਨੇ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਅੱਜ ਅਸੀਂ ਇਸ ਮੁਕਾਮ ‘ਤੇ ਪਹੁੰਚੇ ਹਾਂ ਕਿ ਕਿਸਾਨ ਮੋਰਚਾ 21ਵੇਂ ਦਿਨ ਵੀ ਜਾਰੀ ਹੈ।
ਉਹਨਾਂ ਕਿਹਾ ਕਿ ਮੈਂ ਮੁੰਬਈ ਵਿਚ ਕੰਮ ਕਰਦੀ ਹਾਂ ਪਰ ਮੈਂ ਕਿਸਾਨੀ ਪਰਿਵਾਰ ਨਾਲ ਸਬੰਧਤ ਹਾਂ ਤੇ ਮੇਰਾ ਪਿੰਡ ਮਹਾਦੀਆਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ, ਤਾਇਆ ਜੀ ਤੇ ਦਾਦਾ ਜੀ ਨੇ ਫੌਜ ‘ਚ ਨੌਕਰੀ ਕੀਤੀ। ਅਦਾਕਾਰਾ ਨੇ ਦੱਸਿਆ ਕਿ ਉਹਨਾਂ ਨੇ ਲਗਾਤਾਰ ਇਸ ਸੰਘਰਸ਼ ਨੂੰ ਟੀਵੀ ਜ਼ਰੀਏ ਕਰੀਬ ਤੋਂ ਦੇਖਿਆ ਤੇ ਪਿਛਲੇ ਕਈ ਦਿਨਾਂ ਤੋਂ ਉਹ ਮੋਰਚੇ ਵਿਚ ਸ਼ਾਮਲ ਵੀ ਹੋ ਰਹੀ ਹੈ।
ਉਹਨਾਂ ਦੁੱਖ ਜ਼ਾਹਿਰ ਕੀਤਾ ਕਿ ਇਸ ਅੰਦੋਲਨ ਨੂੰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਗੁਲ ਪਨਾਗ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੋ ਅਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਹਨ ਨੇ ਬਿਆਨ ਦਿੱਤਾ ਹੈ ਕਿ ਕਿ ਇੱਥੇ ਬੈਠੇ ਕਿਸਾਨਾਂ ਨੂੰ ਵਿਰੋਧੀ ਧਿਰ ਗੁੰਮਰਾਹ ਕਰ ਰਹੀ ਹੈ। ਪਰ ਜੇਕਰ ਵਿਰੋਧੀ ਧਿਰਾਂ ‘ਚ ਇੰਨਾ ਦਮ ਹੁੰਦਾ ਤਾਂ ਉਹ ਸਰਕਾਰ ਕਿਉਂ ਨਾ ਬਣਾ ਸਕੀਆਂ ਜਾਂ ਚੋਣਾਂ ਕਿਉਂ ਨਾ ਜਿੱਤ ਸਕੀਆਂ।
ਵਿਰੋਧੀ ਪਾਰਟੀਆਂ ਬਾਰੇ ਬੋਲਦਿਆਂ ਗੁਲ ਪਨਾਗ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਖੇਤੀ ਬਿਲ ਬਿਨਾਂ ਕਿਸੇ ਚਰਚਾ ਤੋਂ ਸੰਸਦ ਵਿਚ ਪਾਸ ਕੀਤੇ ਹੋਣ ਪਰ ਵਿਰੋਧੀ ਪਾਰਟੀਆਂ ਇਸ ਦੇ ਵਿਰੁੱਧ ਧਰਨੇ ‘ਤੇ ਕਿਉਂ ਨਹੀਂ ਬੈਠੀਆਂ। ਗੁਲ ਪਨਾਗ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਰੁੱਧ ਗਲਤ ਬਿਆਨਬਾਜ਼ੀਆਂ ਦੇਣ ਵਾਲੇ ਲੋਕਾਂ ਨੂੰ ਸਰਕਾਰ ਦੀ ਹਮਾਇਤ ਹੈ, ਚਾਹੇ ਉਹ ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਹੋਣ ਤਾਂ ਆਈਟੀ ਸੈਲ ਦੇ ਅਧਿਕਾਰੀ।
ਉਹਨਾਂ ਕਿਹਾ ਕਿ ਅਪਣੀ ਮਿਹਨਤ ਨਾਲ ਦੇਸ਼ ਨੂੰ ਖੜਾ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਤੇ ਇਹੀ ਗੱਲ ਮੈਨੂੰ ਦਿੱਲੀ ਮੋਰਚੇ ‘ਤੇ ਲੈ ਕੇ ਆਈ ਹੈ।ਗੁਲ ਪਨਾਗ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਪ੍ਰਧਾਨ ਸੇਵਕ ਹੋ ਤਾਂ ਇੱਥੇ ਆਓ ਤੇ ਗੱਲਬਾਤ ਕਰੋ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਾਨੂੰਨ ਚੰਗੇ ਹਨ ਤਾਂ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਸਮਝਾਓ।
ਗੁਲ ਪਨਾਗ ਨੇ ਕਿਹਾ ਕਿ ਸਰਸਾ ਹਰ ਕਿਸੇ ਦੀ ਜ਼ਿੰਦਗੀ ਵਿਚ ਆਉਂਦੀ ਹੈ ਤੇ ਤਰਨੀ ਕਦੀ ਵੀ ਸੌਖੀ ਨਹੀਂ। ਇਹੋ ਜਿਹੇ ਮੌਕਿਆਂ ‘ਤੇ ਫੈਸਲੇ ਸਿੰਘਾਂ ਨੂੰ ਹੀ ਕਰਨੇ ਪੈਂਦੇ ਹਨ। ਗੁਲ ਪਨਾਗ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੱਲ ਬਹੁਤ ਅੱਗੇ ਤੱਕ ਵਧ ਚੁੱਕੀ ਹੈ ਤੇ ਅਸੀਂ ਇਸ ਮੁਹਿੰਮ ਨੂੰ ਸਾਂਭ ਕੇ ਰੱਖਣਾ ਹੈ।