ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਵਿਧਾਇਕ 22 ਦਸੰਬਰ ਨੂੰ ਸਹੁੰ ਚੁੱਕਣਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸੇ ਦਿਨ ਤੋਂ ਸ਼ੁਰੂ ਹੋਵੇਗਾ ਰਾਜ ਵਿਧਾਨ ਸਭਾ ਦਾ ਤਿੰਨ ਦਿਨਾ ਸਰਦ ਰੁੱਤ ਸੈਸ਼ਨ

Image

 

ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਗਏ ਵਿਧਾਇਕ 22 ਦਸੰਬਰ ਨੂੰ ਸਹੁੰ ਚੁੱਕਣਗੇ, ਜਦੋਂ ਇਸੇ ਦਿਨ ਤੋਂ ਰਾਜ ਵਿਧਾਨ ਸਭਾ ਦਾ ਤਿੰਨ ਦਿਨਾਂ ਸਰਦ ਰੁੱਤ ਸੈਸ਼ਨ ਸ਼ੁਰੂ ਹੋਵੇਗਾ।ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਥੇ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ।

ਸੂਬੇ ਦੀ 14ਵੀਂ ਵਿਧਾਨ ਸਭਾ ਦਾ ਇਹ ਪਹਿਲਾ ਸੈਸ਼ਨ ਹੋਵੇਗਾ।

ਨੋਟੀਫਿਕੇਸ਼ਨ ਮੁਤਾਬਕ ਵਿਧਾਨ ਸਭਾ ਸਪੀਕਰ ਦੀ ਚੋਣ 23 ਦਸੰਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਰਾਜਪਾਲ ਦਾ ਸੰਬੋਧਨ ਹੋਵੇਗਾ। ਰਾਜਪਾਲ ਦੇ ਸੰਬੋਧਨ 'ਤੇ 24 ਦਸੰਬਰ ਨੂੰ ਚਰਚਾ ਹੋਵੇਗੀ ਅਤੇ ਇਸ ਨੂੰ ਉਸੇ ਦਿਨ ਪਾਸ ਕੀਤਾ ਜਾਵੇਗਾ। 

ਨਵੀਂ ਚੁਣੀ ਗਈ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਚੰਦਰ ਕੁਮਾਰ ਨੂੰ ਬੁੱਧਵਾਰ ਨੂੰ ਪ੍ਰੋਟੈਮ ਸਪੀਕਰ (ਅਸਥਾਈ ਵਿਧਾਨਸਭਾ ਸਪੀਕਰ) ਨਿਯੁਕਤ ਕੀਤਾ ਗਿਆ। ਕੁਮਾਰ, ਛੇ ਵਾਰ ਦੇ ਵਿਧਾਇਕ ਅਤੇ ਸਾਬਕਾ ਲੋਕ ਸਭਾ ਮੈਂਬਰ ਹਨ।

ਉਹ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ ਅਤੇ ਨਵੇਂ ਸਪੀਕਰ ਦੀ ਚੋਣ ਹੋਣ ਤੱਕ ਵਿਧਾਨ ਸਭਾ ਦੇ ਸਪੀਕਰ ਵਜੋਂ ਕੰਮ ਕਰਨਗੇ।

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਵਿਭਾਗਾਂ ਦੀ ਵੰਡ ਕੀਤੀ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਵਿਸਥਾਰ ਦੀ ਉਡੀਕ ਕੀਤੀ ਜਾ ਰਹੀ ਹੈ।

12 ਨਵੰਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 68 ਮੈਂਬਰੀ ਵਿਧਾਨ ਸਭਾ ਵਿੱਚ 40 ਸੀਟਾਂ ਜਿੱਤ ਕੇ ਭਾਜਪਾ ਤੋਂ ਸੱਤਾ ਖੋਹ ਲਈ ਸੀ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਜਿੱਤੀਆਂ ਸਨ।