ਦਿੱਲੀ ਕਮੇਟੀ ਦੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋਣ ਵਾਲੀ ਕਾਰਜਕਾਰਨੀ ਚੋਣ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਦਿੱਲੀ ਕਮੇਟੀ ਦੇ ਆਜ਼ਾਦ ਮੈਂਬਰ...

Delhi Gurdwara Comittee

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋਣ ਵਾਲੀ ਕਾਰਜਕਾਰਨੀ ਚੋਣ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਦਿੱਲੀ ਕਮੇਟੀ ਦੇ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਨਵੇਂ ਅੰਤਰਿੰਗ ਬੋਰਡ ਲਈ ਚੋਣਾਂ ਕਰਵਾਏ ਜਾਣ ਦੇ ਦਿੱਲੀ ਕਮੇਟੀ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਣੌਤੀ ਦੇ ਦਿਤੀ ਹੈ। ਅਦਾਲਤ ਨੇ ਗੁਰਮੀਤ ਸਿੰਘ ਸ਼ੰਟੀ ਵਲੋਂ ਦਿਤੀ ਗਈ ਚੁਣੌਤੀ ਦੇ ਮੱਦੇਨਜ਼ਰ  ਹੁਣ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿਤਾ ਹੈ।

ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਚੋਣ ਤੋਂ ਇਕ ਦਿਨ ਪਹਿਲਾਂ ਯਾਨੀ 18 ਜਨਵਰੀ ਨੂੰ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਉਂਝ ਇਹ ਚੋਣਾਂ ਮਾਰਚ ਮਹੀਨੇ ਵਿਚ ਹੋਣੀਆਂ ਸਨ ਪਰ ਕਮੇਟੀ ਨੇ ਦੋ ਮਹੀਨੇ ਪਹਿਲਾਂ ਹੀ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। 19 ਜਨਵਰੀ ਦੀ ਚੋਣ ਨੂੰ ਲੈ ਕੇ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਦੁਬਾਰਾ ਕੁਰਸੀ ਹਾਸਲ ਕਰਨ ਲਈ ਸਰਗਰਮ ਹੋ ਗਏ ਸਨ..ਬਾਦਲ ਦੇ ਪਰਿਵਾਰ ਦੇ ਕਰੀਬੀ ਅਵਤਾਰ ਸਿੰਘ ਹਿੱਤ ਵੀ ਪ੍ਰਧਾਨਗੀ ਹਾਸਲ ਕਰਨ ਦੇ ਯਤਨਾਂ ਵਿਚ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੀ ਚੋਣ ਨੂੰ ਲੈ ਕੇ ਦਿੱਲੀ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ, ਪਰ ਹੁਣ ਜਦੋਂ ਗੁਰਮੀਤ ਸਿੰਘ ਸ਼ੰਟੀ ਨੇ ਇਸ ਵਿਚ ਅਦਾਲਤੀ ਪੇਚ ਫਸਾ ਦਿਤਾ ਹੈ ਤਾਂ ਇਨ੍ਹਾਂ ਚੋਣਾਂ ਦੇ ਮੁਲਤਵੀ ਹੋਣ ਦੀ ਸੰਭਾਵਨਾ ਵੀ ਪੈਦਾ ਹੋ ਗਈ ਹੈ।