ਡੀਆਰਡੀਓ ਨੇ ਫੌਜੀਆਂ ਲਈ ਬਣਾਈ ਬੁਖਾਰੀ, ਹਰ ਸਾਲ ਹੋਵੇਗੀ 3650 ਕਰੋੜ ਰੁਪਏ ਦੀ ਬਚਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਨੁਕਸਾਨਦੇਹ ਗੈਸਾਂ ਨੂੰ ਵੀ ਬਾਹਰ ਨਹੀਂ ਕੱਢੇਗੀ, ਜਿਹਾ ਕਿ ਹੁਣ ਵਰਤੀ ਜਾਣ ਵਾਲੀ ਬੁਖਾਰੀ ਵਿਚ ਹੁੰਦਾ ਹੈ। ਨਵੀਂ ਬੁਖਾਰੀ ਰੂਮ ਹੀਟਰ ਦੀ ਤਰ੍ਹਾਂ ਕੰਮ ਕਰੇਗੀ।

DRDO

ਨਵੀਂ ਦਿੱਲੀ : ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਇਕ ਅਜਿਹੀ ਬੁਖਾਰੀ ਤਿਆਰ ਕੀਤੀ ਹੈ ਜਿਸ ਨਾਲ ਸਲਾਨਾ 3650 ਕਰੋੜ ਰੁਪਏ ਦੀ ਬਚਤ ਹੋਵੇਗੀ। ਇਹ ਬੁਖਾਰੀ ਵਿਸ਼ੇਸ਼ ਤੌਰ 'ਤੇ ਸਿਆਚਿਨ ਜਿਹੇ ਠੰਡੇ ਇਲਾਕੇ ਵਿਚ ਫ਼ੌਜੀਆਂ ਲਈ ਤਿਆਰ ਕੀਤੀ ਗਈ ਹੈ। ਇਸ ਨਾਲ ਰੋਜ਼ਾਨਾ 10 ਲੀਟਰ ਬਾਲਣ ਦੀ ਬਚਤ ਹੋਵੇਗੀ। ਇਹ ਬੁਖਾਰੀ ਮਿੱਟੀ ਦੇ ਤੇਲ ਨਾਲ ਚਲਦੀ ਹੈ।

ਇਸ ਤੋਂ ਇਲਾਵਾ ਇਹ ਪ੍ਰਦੂਸ਼ਣ ਨੂੰ ਘਟਾਉਣ ਵਿਚ ਵੀ ਲਾਹੇਵੰਦ ਸਾਬਤ ਹੋਵੇਗੀ। ਇਹ ਨੁਕਸਾਨਦੇਹ ਗੈਸਾਂ ਨੂੰ ਵੀ ਬਾਹਰ ਨਹੀਂ ਕੱਢੇਗੀ, ਜਿਹਾ ਕਿ ਹੁਣ ਵਰਤੀ ਜਾਣ ਵਾਲੀ ਬੁਖਾਰੀ ਵਿਚ ਹੁੰਦਾ ਹੈ। ਨਵੀਂ ਬੁਖਾਰੀ ਰੂਮ ਹੀਟਰ ਦੀ ਤਰ੍ਹਾਂ ਕੰਮ ਕਰੇਗੀ। ਇਹ ਫ਼ੌਜੀਆਂ ਨੂੰ ਠੰਡੇ ਇਲਾਕਿਆਂ ਵਿਚ ਰਾਹਤ ਦੇਵੇਗੀ। ਇਹਨਾਂ ਠੰਡੇ ਇਲਾਕਿਆਂ ਵਿਚ ਬਿਨਾਂ ਹੀਟਰ ਦੇ ਰਹਿਣਾ ਬਹੁਤ ਮੁਸ਼ਕਲ ਹੈ।

ਇਸ ਬੁਖਾਰੀ ਨੂੰ ਡੀਆਰਡੀਓ ਦੇ ਡਿਫੈਂਸ ਇੰਸਟੀਚਿਊਟ ਆਫ਼ ਫਿਜ਼ਿਓਲੋਜ਼ੀ ਐਂਡ ਅਲਾਈਡ ਸਾਇੰਸਜ਼ ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਫ਼ੌਜ ਕੋਲ ਇਸ ਵੇਲ੍ਹੇ 20 ਹਜ਼ਾਰ ਬੁਖਾਰੀ ਹਨ। ਰਵਾਇਤੀ ਬੁਖਾਰੀ ਦੀ ਥਾਂ 'ਤੇ ਨਵੀਂ ਬੁਖਾਰੀ ਲਗਾਉਣ ਨਾਲ ਰੋਜ਼ਾਨਾ 10 ਕਰੋੜ ਰੁਪਏ ਭਾਵ ਕਿ ਸਲਾਨਾ 3650 ਕੋਰੜ ਰੁਪਏ ਦੀ ਬਚਤ ਹੋਵੇਗੀ।