ਜੇਬ 'ਤੇ ਭਾਰੀ ਪੈ ਰਿਹੈ ਫਾਸਟੈਗ, ਇਹ ਹਨ ਦੁੱਗਣਾ ਟੋਲ ਵਸੂਲਣ ਦੇ ਕਾਰਨ!
ਵਿਵਸਥਾ ਦੀਆਂ ਕਮੀਆਂ ਕਾਰਨ ਆ ਰਹੀ ਹੈ ਪ੍ਰੇਸ਼ਾਨੀ
ਨਵੀਂ ਦਿੱਲੀ : ਗ੍ਰਾਹਕਾ ਦੀ ਸਹੂਲਤਾਂ ਲਈ ਟੋਲ ਪਲਾਜ਼ਿਆਂ 'ਤੇ ਸ਼ੁਰੂ ਕੀਤੀ ਫਾਸਟੈਗ ਦੀ ਵਿਵਸਥਾ ਰਾਹਗੀਰਾਂ ਦੀ ਜੇਬ 'ਤੇ ਭਾਰੀ ਪੈ ਰਹੀ ਹੈ। ਇਸ ਦਾ ਕਾਰਨ ਇਸ ਵਿਚਲੀਆਂ ਖਾਮੀਆਂ ਹਨ। ਜਾਣਕਾਰੀ ਅਨੁਸਾਰ ਫਾਸਟੈਗ ਸਕੈਨ ਨਾ ਹੋਣ ਦੀ ਸੂਰਤ ਵਿਚ ਰਾਹਗੀਰਾਂ ਨੂੰ ਰਸੀਦ ਲੈਣੀ ਪੈਂਦੀ ਹੈ। ਇਸ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਤੋਂ ਬੇਲੈਂਸ ਵੀ ਕੱਟ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਵਾਹਨ ਚਾਲਕਾਂ ਨੂੰ ਦੁੱਗਣਾ ਟੋਲ ਭਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਹਾਈਵੇ 'ਤੇ ਫਾਸਟੈਗ ਵਿਵਸਥਾ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਵਾਹਨਾਂ 'ਤੇ ਫਾਸਟੈਗ ਲੱਗਾ ਹੋਵੇਗਾ, ਉਹ ਟੋਲ ਬੂਥਾਂ ਤੋਂ ਬਿਨਾਂ ਰੁਕੇ ਲੰਘ ਸਕਣਗੇ। ਪਰ ਟੂੰਡਲਾ ਟੋਲ ਪਲਾਜ਼ਾ 'ਤੇ ਵਿਵਸਥਾਵਾਂ 'ਚ ਕਮੀਆਂ ਦਾ ਖਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਵਿਸਵਥਾ ਦੀ ਕਮੀ ਕਾਰਨ ਜਦੋਂ ਕੋਈ ਵਾਹਨ ਚਾਲਕ ਲਾਈਨ ਵਿਚ ਜਾਂਦਾ ਹੈ ਤਾਂ ਫਾਸਟੈਗ ਦੇ ਕੰਮ ਨਾ ਕਰਨ ਦੀ ਹਾਲਤ ਵਿਚ ਟੋਲ ਪਲਾਜਾ ਮੁਲਾਜ਼ਮ ਨਕਦੀ ਵਾਲੀ ਲਾਈਨ ਵਿਚ ਲੱਗਣ ਨੂੰ ਕਹਿ ਦਿੰਦੇ ਹਨ। ਇਸ ਕਾਰਨ ਚਾਲਕਾਂ ਨੂੰ ਲੰਮੀ ਲਾਈਨ 'ਚ ਲੱਗ ਕੇ ਟੋਲ ਦਾ ਨਕਦ ਭੁਗਤਾਨ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਨਕਦੀ ਭੁਗਤਾਣ ਤੋਂ ਬਾਅਦ ਇਕ ਜਾਂ ਦੋ ਘੰਟੇ ਅੰਦਰ ਫਾਸਟੈਗ ਵਿਚੋਂ ਵੀ ਪੈਸੇ ਕੱਟ ਲਏ ਜਾਣ ਦਾ ਮੈਸੇਜ ਵਾਹਨ ਚਾਲਕਾਂ ਦੇ ਮੋਬਾਈਲ 'ਤੇ ਪਹੁੰਚ ਜਾਂਦਾ ਹੈ।
ਟੂੰਡਲਾ ਟੋਲ ਪਲਾਜ਼ਾ ਦੇ ਅਧਿਕਾਰੀ ਮੁਤਾਬਕ ਕਈ ਲੋਕਾਂ ਨੇ ਆਨ ਲਾਈਨ ਫਾਸਟੈਗ ਮੰਗਵਾਏ ਹਨ। ਉਨ੍ਹਾਂ ਦਾ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਕਈ ਵਾਰ ਇੰਟਰਨੈੱਟ ਕਾਰਨ ਵੀ ਫਾਸਟੈਗ ਦੇਰੀ ਨਾਲ ਕੰਮ ਕਰਦਾ ਹੈ।