ਬਾਂਸ ਦੇ ਡੰਡਿਆਂ ਨਾਲ ਹਾਕੀ ਖੇਡਣ ਵਾਲੇ ਬੱਚਿਆਂ ਨੂੰ ਮਿਲੇਗਾ ਐਸਟ੍ਰੋ ਟਰਫ਼ ਮੈਦਾਨ 

ਏਜੰਸੀ

ਖ਼ਬਰਾਂ, ਖੇਡਾਂ

ਓਡੀਸ਼ਾ ਦੇ ਸੋਨਮਾਰਾ ਪਿੰਡ ਤੋਂ ਹੀ ਨਿੱਕਲੇ ਹਨ ਦਿਲੀਪ ਟਿਰਕੀ ਤੇ ਅਮਿਤ ਰੋਹੀਦਾਸ ਵਰਗੇ ਖਿਡਾਰੀ

Representative Image

 

ਸੋਨਾਮਾਰਾ (ਓਡੀਸ਼ਾ) - ਮਿੱਟੀ ਨਾਲ ਭਰੇ ਮੈਦਾਨ 'ਤੇ ਸਹੂਲਤਾਂ ਦੀ ਘਾਟ ਦੇ ਬਾਵਜੂਦ ਜੋਸ਼ ਨਾਲ ਹਾਕੀ ਖੇਡਦੇ ਹੋਏ ਬੱਚੇ, ਅਤੀਤ ਅਤੇ ਵਰਤਮਾਨ ਦੇ ਹਾਕੀ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਕੰਧਾਂ 'ਤੇ ਚੱਕ ਦੇ ਇੰਡੀਆ ਵਰਗੇ ਨਾਅਰੇ...। ਜਿਸ ਪਿੰਡ ਦਾ ਨਜ਼ਾਰਾ ਅਜਿਹਾ ਹੋਵੇ, ਉਸ ਨੂੰ ਭਾਰਤ ਦਾ ਹਾਕੀ ਪਿੰਡ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।

ਭਾਰਤੀ ਹਾਕੀ ਦਾ ਗੜ੍ਹ ਰਹੇ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਦੇ ਸੋਨਮਾਰਾ ਪਿੰਡ ਵਿੱਚ ਲਗਭਗ 2,000 ਆਦਿਵਾਸੀ ਪਰਿਵਾਰ ਰਹਿੰਦੇ ਹਨ। ਹਰ ਸ਼ਾਮ ਇੱਥੇ ਧੂੜ ਨਾਲ ਭਰੇ ਮੈਦਾਨ 'ਚ ਕਰੀਬ ਸੌ ਬੱਚੇ ਹਾਕੀ ਖੇਡਦੇ ਦੇਖੇ ਜਾ ਸਕਦੇ ਹਨ। ਹਾਕੀ ਉਸ ਲਈ ਖੇਡ ਨਹੀਂ ਬਲਕਿ ਜਨੂੰਨ ਹੈ, ਅਤੇ ਉਨ੍ਹਾਂ ਦੇ ਸੁਪਨੇ ਭਵਿੱਖ ਦਾ ਦਿਲੀਪ ਟਿਰਕੀ ਜਾਂ ਅਮਿਤ ਰੋਹੀਦਾਸ ਬਣਨ  ਦੇ ਹਨ। 

ਦੁਨੀਆ ਦੇ ਸਭ ਤੋਂ ਵੱਡੇ ਹਾਕੀ ਮੈਦਾਨ ਰੁੜਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਤੋਂ 100 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਨੇ ਦੇਸ਼ ਨੂੰ ਸਾਬਕਾ ਭਾਰਤੀ ਕਪਤਾਨ ਅਤੇ ਹਾਕੀ ਇੰਡੀਆ ਦੇ ਮੌਜੂਦਾ ਪ੍ਰਧਾਨ ਦਿਲੀਪ ਟਿਰਕੀ ਤੋਂ ਇਲਾਵਾ ਅਮਿਤ ਰੋਹੀਦਾਸ, ਦਿਪਸਾਨ ਟਿਰਕੀ ਅਤੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਸੁਭਦਰਾ ਪ੍ਰਧਾਨ ਵੀ ਦਿੱਤੇ ਹਨ।

ਬਾਂਸ ਦੇ ਡੰਡਿਆਂ ਨਾਲ ਖੇਡ ਕੇ ਹਾਕੀ ਸਿੱਖਣ ਵਾਲੇ ਇਹ ਬੱਚੇ ਹੁਣ ਐਸਟ੍ਰੋ ਟਰਫ਼ 'ਤੇ ਖੇਡ ਸਕਣਗੇ। ਭਾਰਤੀ ਹਾਕੀ ਨੂੰ ਦਿਲੀਪ ਟਿਰਕੀ ਸਮੇਤ ਕਈ ਵੱਡੇ ਸਿਤਾਰੇ ਦੇਣ ਵਾਲੇ ਇਸ ਪਿੰਡ ਵਿੱਚ ਅਗਲੇ ਮਹੀਨੇ ਬਣਾਉਟੀ ਪਿੱਚ ਵਿਛਾਈ ਜਾਵੇਗੀ।

ਭਾਰਤ ਲਈ ਸਭ ਤੋਂ ਵੱਧ 421 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਟਿਰਕੀ ਨੇ ਕਿਹਾ, "ਜਦੋਂ ਮੈਂ ਛੋਟਾ ਸੀ, ਮੇਰੇ ਪਿੰਡ ਵਿੱਚ ਕੋਈ ਹਾਕੀ ਮੈਦਾਨ ਨਹੀਂ ਸੀ। ਜਿੱਥੇ ਵੀ ਜਗ੍ਹਾ ਮਿਲਦੀ, ਅਸੀਂ ਖੇਡ ਲੈਂਦੇ। ਪਰ ਹੁਣ ਮੇਰੇ ਪਿੰਡ ਵਿੱਚ ਐਸਟ੍ਰੋ ਟਰਫ਼ ਲੱਗਣ ਜਾ ਰਹੀ ਹੈ।"

ਉਸ ਨੇ ਕਿਹਾ, “ਮੈਂ ਆਪਣੇ ਪਿੰਡ ਦੇ ਬੱਚਿਆਂ ਲਈ ਬਹੁਤ ਖੁਸ਼ ਹਾਂ। ਮੈਨੂੰ ਭਾਰਤੀ ਹਾਕੀ ਵਿੱਚ ਆਪਣੇ ਪਿੰਡ ਦੇ ਯੋਗਦਾਨ 'ਤੇ ਵੀ ਮਾਣ ਹੈ।"

ਇੱਥੇ ਵਿਛਾਈ ਜਾਣ ਵਾਲੀ ਬਣਾਉਟੀ ਪਿੱਚ ਰੇਤ ਨਾਲ ਭਰੀ ਹੋਵੇਗੀ, ਜਿਸ 'ਤੇ ਘੱਟ ਲਾਗਤ ਆਉਂਦੀ ਹੈ। ਅੰਤਰਰਾਸ਼ਟਰੀ ਮੈਚਾਂ ਵਾਲੀ ਐਸਟ੍ਰੋ ਟਰਫ਼ ਦੀ ਕੀਮਤ ਲਗਭਗ 4 ਕਰੋੜ ਰੁਪਏ ਹੈ, ਪਰ ਇਸਦੀ ਕੀਮਤ ਘੱਟ ਹੁੰਦੀ ਹੈ।

ਓਡੀਸ਼ਾ ਸਰਕਾਰ ਨੇ ਸੁੰਦਰਗੜ੍ਹ ਜ਼ਿਲ੍ਹੇ ਦੇ ਸਾਰੇ 17 ਬਲਾਕਾਂ ਵਿੱਚ ਬਣਾਉਟੀ ਪਿੱਚ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਸਰਕਾਰੀ ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਅਮਨ ਟਿਰਕੀ ਨੇ ਕਿਹਾ, "ਹਾਕੀ ਸਾਡੀ ਜ਼ਿੰਦਗੀ ਹੈ। ਇਹ ਸਾਡੇ ਖ਼ੂਨ ਵਿੱਚ ਹੈ ਅਤੇ ਅਸੀਂ ਹਰ ਰੋਜ਼ ਹਾਕੀ ਖੇਡਦੇ ਹਾਂ। ਮੈਂ ਵੀ ਵੱਡਾ ਹੋ ਕੇ ਭਾਰਤ ਲਈ ਦਿਲੀਪ ਟਿਰਕੀ ਜਾਂ ਅਮਿਤ ਰੋਹੀਦਾਸ ਵਾਂਗ ਖੇਡਣਾ ਚਾਹੁੰਦਾ ਹਾਂ।"