ਦੇਸ਼ ਵਿਚ ਮੌਜੂਦਾ ਸੀਜ਼ਨ ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 11.5 ਕਰੋੜ ਟਨ ਹੋਣ ਦੀ ਉਮੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਣਕ ਦੀ ਬਿਜਾਈ ਵਿਚ ਕਿਸਾਨਾਂ ਨੇ ਚੰਗੀ ਦਿਲਚਸਪੀ ਲਈ ਹੈ

Rabi Season

ਨਵੀਂ ਦਿੱਲੀ : ਭਾਰਤੀ ਕਣਕ ਤੇ ਜੌਂ ਖੋਜ ਸੰਸਥਾਨ (ਆਈ. ਆਈ.ਡਬਲਿਊ.ਆਰ.) ਦਾ ਅੰਦਾਜ਼ਾ ਹੈ ਕਿ ਦੇਸ਼ ਵਿਚ ਇਸ ਸਾਲ ਰਿਕਾਰਡ 11.5 ਕਰੋੜ ਟਨ ਕਣਕ ਦਾ ਉਤਪਾਦਨ ਹੋ ਸਕਦਾ ਹੈ, ਜੋ ਕਿ ਪਿਛਲੇ ਸਾਲ ਤੋਂ ਤਕਰੀਬਨ ਸੱਤ ਫ਼ੀ ਸਦੀ ਜ਼ਿਆਦਾ ਹੋਵੇਗਾ। ਮਾਹਰਾਂ ਅਨੁਸਾਰ ਹਾੜ੍ਹੀ ਮੌਸਮ ਦੀਆਂ ਫ਼ਸਲਾਂ ਲਈ ਮੌਸਮ ਢੁਕਵਾਂ ਹੈ ਅਤੇ ਕਣਕ ਦੀ ਬਿਜਾਈ ਵਿਚ ਕਿਸਾਨਾਂ ਨੇ ਚੰਗੀ ਦਿਲਚਸਪੀ ਲਈ ਹੈ।

ਹਰਿਆਣਾ ਦੇ ਕਰਨਾਲ ਸਥਿਤ ਭਾਰਤੀ ਕਣਕ ਤੇ ਜੌਂ ਖੋਜ ਸੰਸਥਾ ਦਾ ਕਹਿਣਾ ਹੈ ਕਿ ਕਣਕ ਦੇ ਉਤਪਾਦਨ ਵਿਚ ਨਵਾਂ ਰਿਕਾਰਡ ਬਣੇਗਾ, ਬਸ਼ਰਤੇ ਮੌਸਮ ਦੀ ਕੋਈ ਮਾਰ ਨਾ ਪਵੇ। ਆਈ.ਆਈ.ਡਬਲਿਊ.ਆਰ. ਦੇ ਨਿਰਦੇਸ਼ਕ ਮੁਤਾਬਕ, ਕਿਸਾਨਾਂ ਵਲੋਂ ਕਣਕ ਦੀ ਬਿਜਾਈ ਜ਼ੋਰਾਂ ’ਤੇ ਕਰਨ ਨਾਲ ਸਰਕਾਰੀ ਖ਼ਰੀਦ ਦਾ ਲਗਾਤਾਰ ਵਧਣਾ ਹੈ।

ਪਿਛਲੇ ਸੀਜ਼ਨ ਵਿਚ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਕੋਲੋਂ 389.92 ਲੱਖ ਟਨ ਕਣਕ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ ’ਤੇ ਖ਼ਰੀਦ ਕੀਤੀ ਸੀ। ਇਸ ਸਾਲ ਕਣਕ ਦੀ ਫ਼ਸਲ ਲਈ ਐਮ. ਐਸ. ਪੀ. 1975 ਰੁਪਏ ਪ੍ਰਤੀ ਕੁਇੰਟਲ ਹੈ। ਮੌਜੂਦਾ ਫ਼ਸਲੀ ਸਾਲ 2020-21 (ਜੁਲਾਈ-ਜੂਨ) ਵਿਚ ਕਣਕ ਦੀ ਬਿਜਾਈ 346 ਲੱਖ ਹੈਕਟੇਅਰ ਤੋਂ ਜ਼ਿਆਦਾ ਹੋਈ ਹੈ, ਜੋ ਕਿ ਪਿਛਲੇ ਸਾਲ ਤੋਂ ਤਕਰੀਬਨ 3 ਫ਼ੀ ਸਦੀ ਵੱਧ ਹੈ।

ਯੂ. ਪੀ. ਵਿਚ 99 ਲੱਖ ਹੈਕਟੇਅਰ ਤੋਂ ਵੱਧ ਕਣਕ ਦੀ ਬਿਜਾਈ ਹੋਈ ਹੈ। 88 ਲੱਖ ਹੈਕਟੇਅਰ ਨਾਲ ਮੱਧ ਪ੍ਰਦੇਸ਼ ਦੂਜੇ ਸਥਾਨ ’ਤੇ ਹੈ। ਪੰਜਾਬ ਵਿਚ 35 ਲੱਖ ਹੈਕਟੇਅਰ ਤੇ ਹਰਿਆਣਾ ਵਿਚ 25 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਹੈ। ਹਰਿਆਣਾ ਵਿਚ ਰਕਬਾ ਥੋੜ੍ਹਾ ਵਧਿਆ ਹੈ, ਜਦੋਂ ਕਿ ਪੰਜਾਬ ਵਿਚ ਤਕਰੀਬਨ ਪਿਛਲੇ ਸਾਲ ਦੇ ਬਰਾਬਰ ਹੈ।