ਨਿਰਭਿਆ ਕਾਂਡ : ਫਾਂਸੀ ਰੋਕਣ ਲਈ ਇਕ ਹੋਰ ਹੰਭਲਾ, ਹੁਣ ਦੋਸ਼ੀ ਅਕਸ਼ੈ ਦੀ ਪਤਨੀ ਨੇ ਮੰਗਿਆ ਤਲਾਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਕੀਤੀ ਤਲਾਕ ਦੀ ਮੰਗ

file photo

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਅੱਗੇ ਤਿੰਨ ਦਿਨ ਤੋਂ ਵੀ ਘੱਟ ਵਕਤ ਬਚਿਆ ਹੈ। ਨਿਰਭਿਆ ਦੇ ਦੋਸ਼ੀਆਂ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਨਿਰਭਿਆ ਦੇ ਮਾਪੇ ਪਿਛਲੇ 8 ਸਾਲ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਹੁਣ ਜਦੋਂ ਦੋਸ਼ੀਆਂ ਦੇ ਫ਼ਾਂਸੀ ਤਕ ਜਾਣ ਦੇ ਸਾਰੇ ਰਸਤੇ ਸਾਫ਼ ਹੋ ਚੁੱਕੇ ਹਨ, ਤਾਂ ਨਿਰਭਿਆ ਦੇ ਵਕੀਲਾਂ ਵਲੋਂ ਵੀ ਨਵੇਂ-ਨਵੇਂ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿਤੇ ਗਏ ਹਨ।

ਇਸ ਦੌੜ 'ਚ ਹੁਣ ਨਿਰਭਿਆ ਦੇ ਵਕੀਲਾਂ ਨੇ ਦੋਸ਼ੀਆਂ ਦੇ ਵਾਰਿਸਾਂ ਨੂੰ ਢਾਲ ਵਜੋਂ ਵਰਤਣਾ ਸ਼ੁਰੂ ਕਰ ਦਿਤਾ ਹੈ। ਇਸੇ ਤਹਿਤ ਦੋਸ਼ੀਆਂ ਦੇ ਵਾਰਿਸਾਂ ਵਿਚੋਂ ਤਕਰੀਬਨ 13 ਜਣਿਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲ ਚਿੱਠੀ ਲਿਖ ਕੇ ਖੁਦ ਲਈ ਸਵੈ ਇੱਛਤ ਮੌਤ ਦੇ ਅਧਿਕਾਰ ਦੀ ਵਰਤੋਂ ਦੀ ਇਜ਼ਾਜਤ ਮੰਗੀ ਗਈ ਹੈ।

ਉਥੇ ਹੀ ਦੋਸ਼ੀਆਂ ਵਿਚੋਂ ਮੁਕੇਸ਼ ਸਿੰਘ ਨੇ ਵੀ ਫ਼ਾਂਸੀ ਟਾਲਣ ਦੇ ਮਕਸਦ ਨਾਲ ਨਵਾਂ ਦਾਅ ਖੇਡਿਆ ਹੈ। ਦੋਸ਼ੀ ਨੇ ਹੁਣ 8 ਸਾਲ ਬਾਅਦ ਖੁਦ ਨੂੰ ਨਿਰਦੋਸ਼ ਦਸਦਿਆਂ ਕਾਂਡ ਵਾਲੀ ਰਾਤ ਖੁਦ ਦੇ ਦਿੱਲੀ ਵਿਚੋਂ ਬਾਹਰ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਖੁਦ ਦੀ ਰਾਜਸਥਾਨ ਤੋਂ ਹੋਈ ਗ੍ਰਿਫ਼ਤਾਰ ਦਾ ਹਵਾਲਾ ਦਿਤਾ ਹੈ ਜੋ ਘਟਨਾ ਤੋਂ ਇਕ ਦਿਨ ਬਾਅਦ ਯਾਨੀ 17 ਦਸੰਬਰ 2012 ਹੋਈ ਸੀ। ਜਦਕਿ ਇਕ ਦਿਨ ਵਿਚ ਦਿੱਲੀ ਤੋਂ ਰਾਜਸਥਾਨ ਪਹੁੰਚਣਾ ਕੋਈ ਵੱਡੀ ਗੱਲ ਨਹੀਂ ਹੈ।

ਇਸੇ ਦੌਰਾਨ ਇਨ੍ਹਾਂ ਦੋਸ਼ੀਆਂ ਵਿਚੋਂ ਇਕ ਅਕਸ਼ੈ ਠਾਕੁਰ ਦੀ ਪਤਨੀ ਨੇ ਵੀ ਹੁਣ ਅਪਣੇ ਪਤੀ ਨੂੰ ਬਚਾਉਣ ਲਈ ਆਖ਼ਰੀ ਪੱਤਾ ਖੇਡਿਆ ਹੈ। ਦੋਸ਼ੀ ਦੀ ਪਤਨੀ ਨੇ ਅਦਾਲਤ 'ਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਮੂਲ ਰੂਪ ਵਿਚ ਬਿਹਾਰ ਦੇ ਲਹੰਗ ਕਰਮਾ ਪਿੰਡ ਦੇ ਵਾਸੀ ਅਕਸ਼ੈ ਠਾਕੁਰ ਦੀ ਪਤਨੀ ਨੇ ਔਰੰਗਾਬਾਦ ਦੀ ਇਕ ਅਦਾਲਤ ਵਿਚ ਤਲਾਕ ਦੀ ਅਰਜ਼ੀ ਦਾਇਰ ਕਰਦਿਆਂ ਕਿਹਾ ਹੈ ਕਿ ਮੈਂ ਅਕਸ਼ੈ ਦੀ ਵਿਧਵਾ ਦੇ ਰੂਪ ਵਿਚ ਜੀਵਨ ਨਹੀਂ ਜੀਅ ਸਕਦੀ।

ਅਦਾਲਤ ਵਿਚ ਦਿਤੀ ਅਰਜ਼ੀ ਵਿਚ ਅਕਸ਼ੈ ਦੀ ਪਤਨੀ ਸੁਨੀਤਾ ਨੇ ਕਿਹਾ ਕਿ ਉਸ ਦੇ ਪਤੀ ਨੂੰ ਨਿਰਭਿਆ ਬਲਾਤਕਾਰ ਤੇ ਕਤਲ ਮਾਮਲੇ 'ਚ ਦੋਸ਼ੀ ਠਹਿਰਾ ਕੇ ਫ਼ਾਂਸੀ 'ਤੇ ਲਟਕਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰਾ ਪਤੀ ਨਿਰਦੋਸ਼ ਹੈ, ਅਜਿਹੇ ਵਿਚ ਮੈਂ ਉਸ ਦੀ ਵਿਧਵਾ ਬਣ ਕੇ ਨਹੀਂ ਰਹਿਣਾ ਚਾਹੁੰਦੀ। ਇਸ ਲਈ ਮੈਨੂੰ ਅਪਣੇ ਪਤੀ ਤੋਂ ਤਲਾਕ ਚਾਹੀਦਾ ਹੈ।

ਉਥੇ ਹੀ ਅਕਸ਼ੈ ਦੀ ਪਤਨੀ ਦੇ ਵਕੀਲ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੀੜਤ ਔਰਤ ਨੂੰ ਕਾਨੂੰਨੀ ਅਧਿਕਾਰ ਹੈ ਕਿ ਉਹ ਹਿੰਦੂ ਵਿਆਹ ਐਕਟ 13 (2) (11) ਤਹਿਤ ਕੁੱਝ ਖਾਸ ਮਾਮਲਿਆਂ 'ਚ ਤਲਾਕ ਦਾ ਅਧਿਕਾਰ ਲੈ ਸਕਦੀ ਹੈ। ਕਾਨੂੰਨ ਮੁਤਾਬਕ ਜੇਕਰ ਜਬਰ ਜਨਾਹ ਮਾਮਲੇ 'ਚ ਕਿਸੇ ਔਰਤ ਦੇ ਪਤੀ ਨੂੰ ਦੋਸ਼ੀ ਠਹਿਰਾ ਦਿਤਾ ਜਾਂਦਾ ਹੈ ਤਾਂ ਉਹ ਤਲਾਕ ਲਈ ਅਰਜ਼ੀ ਦੇ ਸਕਦੀ ਹੈ।

ਨਿਰਭਿਆ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਤੋਂ ਐਨ ਪਹਿਲਾਂ ਵਾਪਰ ਰਹੇ ਇਸ ਸਾਰੇ ਘਟਨਾਕ੍ਰਮ ਨੂੰ ਸਿਰਫ਼ ਫਾਂਸੀ ਟਾਲਣ ਦੇ ਪੈਂਤੜਿਆਂ ਵਜੋਂ ਵੇਖਿਆ ਜਾ ਰਿਹਾ ਹੈ। ਕਾਨੂੰਨੀ ਦਾਅ-ਪੇਚਾਂ ਦੇ ਇਸੇ ਸਿਲਸਿਲੇ ਤਹਿਤ ਦੋਸ਼ੀਆਂ ਦੀ ਫ਼ਾਂਸੀ ਪਹਿਲਾਂ ਵੀ ਤਿੰਨ ਵਾਰ ਟਾਲੀ ਜਾ ਚੁੱਕੀ ਹੈ। ਹੁਣ ਜਦੋਂ ਦੋਸ਼ੀਆਂ ਦੇ ਬਚਣ ਦੀਆਂ ਸੰਭਾਵਨਾਵਾਂ ਕਾਫ਼ੀ ਮੱਧਮ ਹੋ ਗਈਆਂ ਹਨ, ਤਾਂ ਬਚਾਅ ਪੱਖ ਕੇ ਵਕੀਲਾਂ ਨੇ ਵੀ ਆਖਰੀ ਹਥਿਆਰ ਵਜੋਂ ਪੈਂਤੜੇ ਅਜਮਾਉਣੇ ਸ਼ੁਰੂ ਕਰ ਦਿਤੇ ਹਨ।