ਅੰਬਾਨੀ ਦੀ ਸੁਰੱਖਿਆ ‘ਚ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਬਦਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੇਮੰਤ ਨੰਗਰਾਲੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਬਣੇ, ਪਰਮਬੀਰ ਸਿੰਘ ਨੂੰ ਹੋਮਗਾਰਡ ਦਾ ਡੀਜੀ ਲਗਾਇਆ...

Parambir Singh Ips

ਮੁੰਬਈ: ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਚ ਲਾਪ੍ਰਵਾਹੀ ਦਾ ਖਾਮਿਆਜਾ ਭੁਗਤਣਾ ਪਿਆ ਹੈ। ਹੇਮੰਤ ਨੰਗਰਾਲੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਬਣਾਏ ਗਏ ਹਨ ਜਦਕਿ ਪਰਮਬੀਰ ਸਿੰਘ ਨੂੰ ਹੋਮਗਾਰਡ ਦਾ ਡੀਜੀ ਬਣਾਇਆ ਗਿਆ ਹੈ।

ਮਹਾਰਾਸ਼ਟਰ ਸਰਕਾਰ ਵੱਲੋਂ ਬੁੱਧਵਾਰ ਨੂੰ ਦੱਸਿਆ ਗਿਆ ਕਿ ਪਰਮਬੀਰ ਸਿੰਘ ਨੂੰ ਮੁੰਬਈ ਪੁਲਿਸ ਪ੍ਰਮੁੱਖ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਟ੍ਰਾਂਸਫਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਮਾਮਲੇ ਵਿਚ ਇਕ ਪੁਲਿਸ ਅਫਸਰ ਦੇ ਗ੍ਰਿਫ਼ਤਾਰੀ ਅਤੇ ਸਾਹਮਣੇ ਆਏ ਸਨਸਨੀਖੇਜ ਖੁਲਾਸਿਆਂ ਦਾ ਖਾਮਿਆਜਾ ਪਰਮਬੀਰ ਸਿੰਘ ਨੂੰ ਭਗਤਣਾ ਪਿਆ ਹੈ।

ਮੁੰਬਈ ਪੁਲਿਸ ਵਿਭਾਗ ਵਿਚ ਵੱਡੇ ਪੱਧਰ ਉਤੇ ਇਹ ਬਦਲਾਅ ਮਾਮਲੇ ਵਿਚ ਪੁਲਿਸ ਅਧਿਕਾਰੀ ਸਚਿਨ ਵਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਇਆ ਹੈ। ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਨਿਵਾਸ ਏਟੀਂਲਿਆ ਦੇ ਨੇੜੇ ਵਿਸਫੋਟਕ ਨਾਲ ਲੱਦੀ ਹੋਈ ਸਕਾਰਪੀਓ ਲਾਵਾਰਿਸ ਹਾਲਤ ਵਿਚ ਮਿਲੀ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਹਫਤੇ ਪੁਲਿਸ ਅਧਿਕਾਰੀ ਸਚਿਨ ਵਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਵਿਸਫੋਸਟ ਨਾਲ ਲੱਦੇ ਹੋਏ ਵਾਹਨ ਦੀ ਬਰਾਮਦਗੀ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਨੇ ਗ੍ਰਿਫ਼ਤਾਰ ਪੁਲਿਸ ਅਧਿਕਾਰੀ ਸਚਿਨ ਵਜੇ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਹੈ। ਐਨਆਈਏ ਨੇ ਇਕ ਕਾਲੀ ਮਰਸੀਡੀਜ਼ ਕਾਰ ਨੂੰ ਵੀ ਜਬਤ ਕੀਤਾ ਹੈ।