“ਕਸ਼ਮੀਰ ਫਾਈਲਸ” ਜ਼ਰੀਏ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ‘ਹਥਿਆਰ’ ਬਣਾ ਰਹੀ ਕੇਂਦਰ ਸਰਕਾਰ: ਮਹਿਬੂਬਾ ਮੁਫ਼ਤੀ
ਪੀਡੀਪੀ ਦੇ ਮੁਖੀ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਦੋਹਾਂ ਸਮੂਹਾਂ ਨੂੰ ਇੱਕਜੁੱਟ ਕਰਨ ਦੀ ਬਜਾਏ ਜਾਣਬੁੱਝ ਕੇ ਫੁੱਟ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਸ੍ਰੀਨਗਰ: ਪੀਪਲਸ ਡੈਮੋਕਰੇਟਿਕ ਪਾਰਟੀ ਦੇ ਮੁਖੀ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜਿਸ ਹਮਲਾਵਰ ਢੰਗ ਨਾਲ ‘ਦ ਕਸ਼ਮੀਰ ਫਾਈਲਸ’ ਦਾ ਪ੍ਰਚਾਰ ਕਰ ਰਹੀ ਹੈ ਅਤੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ‘ਹਥਿਆਰ’ ਬਣਾ ਰਹੀ ਹੈ। ਇਸ ਨਾਲ ਸਰਕਾਰ ਦਾ ਗ਼ਲਤ ਇਰਾਦਾ ਸਪੱਸ਼ਟ ਹੋ ਰਿਹਾ ਹੈ।
ਪੀਡੀਪੀ ਦੇ ਮੁਖੀ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਪੁਰਾਣੇ ਜਖ਼ਮਾਂ ਨੂੰ ਭਰਨ ਅਤੇ ਦੋਹਾਂ ਸਮੂਹਾਂ ਨੂੰ ਇੱਕਜੁੱਟ ਕਰਨ ਦੀ ਬਜਾਏ ਜਾਣਬੁੱਝ ਕੇ ਫੁੱਟ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਮਹਿਬੂਬਾ ਮੁਫ਼ਤੀ ਨੇ ਟਵੀਟ ਕਰ ਕਿਹਾ ਕਿ, “ਜਿਸ ਹਮਲਾਵਰ ਢੰਗ ਨਾਲ ਭਾਰਤ ਸਰਕਾਰ ‘ਕਸ਼ਮੀਰ ਫਾਈਲਸ’ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਹਥਿਆਰ ਬਣਾ ਰਹੀ ਹੈ। ਇਸ ਤੋਂ ਉਹਨਾਂ ਦੇ ਇਰਾਦੇ ਸਪੱਸ਼ਟ ਹੁੰਦੇ ਹਨ।”
ਇਹ ਫਿਲਮ ਵਿਵੇਕ ਅਗਨੀਹੋਤਰੀ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਜ਼ੀ ਸਟੂਡੀਓ ਦੁਆਰਾ ਪ੍ਰਕਾਸ਼ਿਤ ਇਸ ਫਿਲਮ ਵਿਚ 1990 ਦੇ ਦਹਾਕੇ ਦੌਰਾਨ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਵਿਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੂਨ ਚਕਰਵਰਤੀ ਅਤੇ ਪੱਲਵੀ ਜੋਸ਼ੀ ਮੁੱਖ ਭੂਮੀਕਾ ’ਚ ਨਜ਼ਰ ਆ ਰਹੇ ਹਨ।