ਭਾਜਪਾ ਨੇ ਭੋਪਾਲ ਤੋਂ ਦਿਗਵਿਜੇ ਵਿਰੁੱਧ ਸਾਧਵੀ ਪ੍ਰਗਿਆ ਨੂੰ ਦਿੱਤੀ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਹੀ ਭਾਜਪਾ 'ਚ ਸ਼ਾਮਲ ਹੋਈ ਸਾਧਵੀ ਪ੍ਰਗਿਆ

Sadhvi Pragya Singh Thakur to contest against Digvijay Singh from Bhopal

ਭੋਪਾਲ : ਭਾਜਪਾ ਨੇ ਮੱਧ ਪ੍ਰਦੇਸ਼ ਦੀ ਹਾਈ-ਪ੍ਰੋਫ਼ਾਈਲ ਭੋਪਾਲ ਸੰਸਦੀ ਸੀਟ ਤੋਂ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਉਮੀਦਵਾਰ ਬਣਾਇਆ ਹੈ। ਸਾਧਵੀ ਪ੍ਰਗਿਆ ਅੱਜ ਹੀ ਭਾਜਪਾ 'ਚ ਸ਼ਾਮਲ ਹੋਈ, ਜਿਸ ਤੋਂ ਬਾਅਦ ਭਾਜਪਾ ਨੇ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਕਾਂਗਰਸ ਨੇ ਭੋਪਾਲ ਸੀਟ ਤੋਂ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਟਿਕਟ ਦਿੱਤੀ ਹੈ।

ਸਾਧਵੀ ਪ੍ਰਗਿਆ ਦੇ ਭਾਜਪਾ 'ਚ ਸ਼ਾਮਲ ਹੋਣ ਅਤੇ ਭੋਪਾਲ ਤੋਂ ਚੋਣ ਲੜਨ ਦੀਆਂ ਸੰਭਾਵਨਾ ਕਾਫ਼ੀ ਸਮੇਂ ਤੋਂ ਪ੍ਰਗਟਾਈ ਜਾ ਰਹੀ ਸੀ, ਜਿਸ 'ਤੇ ਬੁਧਵਾਰ ਨੂੰ ਮੁਹਰ ਲੱਗ ਗਈ। ਪ੍ਰਗਿਆ ਨੂੰ ਸਾਲ 2008 'ਚ ਹੋਏ ਮਾਲੇਗਾਂਵ ਬੰਬ ਧਮਾਕੇ 'ਚ ਸ਼ੱਕ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਉਹ 9 ਸਾਲ ਜੇਲ 'ਚ ਵੀ ਰਹੀ। ਹਾਲਾਂਕਿ ਅਦਾਲਤ ਨੇ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। 

ਸਾਧਵੀ ਪ੍ਰਗਿਆ ਨੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜ਼ੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਸਾਧਵੀ ਪ੍ਰਗਿਆ ਨੇ ਕਿਹਾ, "ਭੋਪਾਲ 'ਚ ਮੇਰੇ ਲਈ ਕੋਈ ਚੁਣੌਤੀ ਨਹੀਂ ਹੈ, ਮੈਂ ਧਰਮ 'ਤੇ ਚੱਲਣ ਵਾਲੀ ਹਾਂ।" ਜ਼ਿਕਰਯੋਗ ਹੈ ਕਿ ਸਾਧਵੀ ਪ੍ਰਗਿਆ ਮੱਧ ਪ੍ਰਦੇਸ਼ ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ। ਪਰਿਵਾਰਿਕ ਪਿਛੋਕੜ ਦੇ ਚਲਦਿਆਂ ਉਹ ਸੰਘ ਅਤੇ ਵਿਹਿਪ ਨਾਲ ਜੁੜੀ ਅਤੇ ਫਿਰ ਬਾਅਦ 'ਚ ਸੰਨਿਆਸ ਲੈ ਲਿਆ।